ਨਵੀਂ ਦਿੱਲੀ, 9 ਜੂਨ (ਪੰਜਾਬ ਮੇਲ)- ਸਾਬਕਾ ਮੰਤਰੀਆਂ ਰਾਜਨਾਥ ਸਿੰਘ ਤੇ ਅਮਿਤ ਸ਼ਾਹ ਸਣੇ ਕੁਝ ਹੋਰਨਾਂ ਸਾਬਕਾ ਕੇਂਦਰੀ ਮੰਤਰੀਆਂ ਨੂੰ ਨਵੀਂ ਮੋਦੀ ਸਰਕਾਰ ਵਿਚ ਮੁੜ ਥਾਂ ਮਿਲ ਸਕਦੀ ਹੈ। ਸੂਤਰਾਂ ਮੁਤਾਬਕ ਲੁਧਿਆਣਾ ਤੋਂ ਚੋਣ ਹਾਰਨ ਵਾਲੇ ਰਵਨੀਤ ਬਿੱਟੂ ਨੂੰ ਵੀ ਕੇਂਦਰੀ ਕੈਬਨਿਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਨ੍ਹਾਂ ਦੇ ਕਰਨਾਟਕ ਦੇ ਹਮਰੁਤਬਾ ਬਸਵਰਾਜ ਬੋਮਈ ਨੂੰ ਵੀ ਮੰਤਰੀ ਵਜੋਂ ਹਲਫ਼ ਲੈਣ ਲਈ ਸੱਦਾ ਆਇਆ ਹੈ। ਜਿਨ੍ਹਾਂ ਹੋਰ ਸਾਬਕਾ ਮੰਤਰੀਆਂ ਨੂੰ ਮੋਦੀ ਸਰਕਾਰ 3.0 ਵਿਚ ਥਾਂ ਮਿਲ ਸਕਦੀ ਹੈ ਉਨ੍ਹਾਂ ਵਿਚ ਨਿਰਮਲਾ ਸੀਤਾਰਮਨ, ਨਿਤਿਨ ਗਡਕਰੀ, ਪਿਊਸ਼ ਗੋਇਲ, ਪ੍ਰਹਿਲਾਦ ਜੋਸ਼ੀ, ਅਰਜੁਨ ਮੇਘਵਾਲ, ਰਾਓ ਇੰਦਰਜੀਤ, ਜਿਉਤਿਰਾਦਿੱਤਿਆ ਸਿੰਧੀਆ ਤੇ ਜਿਤੇਂਦਰ ਸਿੰਘ ਸ਼ਾਮਲ ਹਨ। ਕੁਝ ਹੋਰ ਨਵੇਂ ਨਾਵਾਂ ਵਿਚ ਉੱਤਰ ਪੱਛਮੀ ਦਿੱਲੀ ਤੋਂ ਸੰਸਦ ਮੈਂਬਰ ਕਮਲਜੀਤ ਸਹਿਰਾਵਤ ਤੇ ਮਹਾਰਾਸ਼ਟਰ ਦੇ ਰਕਸ਼ਾ ਖੜਸੇ ਸ਼ਾਮਲ ਹਨ। ਤਾਮਿਲ ਨਾਡੂ ਭਾਜਪਾ ਦੇ ਪ੍ਰਧਾਨ ਕੇ.ਅੰਨਾਮਲਾਈ ਨੂੰ ਵੀ ਮੰਤਰੀ ਪਦ ਮਿਲ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਰਾਜਨਾਥ ਸਿੰਘ, ਅਮਿਤ ਸ਼ਾਹ, ਜੈਸ਼ੰਕਰ, ਹਰਦੀਪ ਪੁਰੀ ਤੇ ਅਸ਼ਵਨੀ ਵੈਸ਼ਨਵ ਨੂੰ ਕੇਂਦਰੀ ਕੈਬਨਿਟ ਵਿਚ ਕਾਇਮ ਰੱਖਿਆ ਜਾ ਸਕਦਾ ਹੈ। ਭਾਜਪਾ ਪ੍ਰਧਾਨ ਜੇਪੀ ਨੱਢਾ ਨੂੰ ਵੀ ਕੇਂਦਰੀ ਕੈਬਨਿਟ ਵਿਚ ਥਾਂ ਮਿਲ ਸਕਦੀ ਹੈ।
ਲੁਧਿਆਣਾ ਤੋਂ ਹਾਰੇ ਰਵਨੀਤ ਬਿੱਟੂ ਨੂੰ ਮਿਲ ਸਕਦੀ ਹੈ ਕੇਂਦਰੀ ਕੈਬਨਿਟ ਵਿਚ ਥਾਂ
