ਲੁਧਿਆਣਾ, 23 ਸਤੰਬਰ (ਪੰਜਾਬ ਮੇਲ)- ਸਾਹਨੇਵਾਲ ਵਿਚ ਯੂਥ ਕਾਂਗਰਸੀ ਆਗੂ ਦੇ ਭਰਾ ਦਾ ਸੋਮਵਾਰ ਦੇਰ ਰਾਤ ਤਿੰਨ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਵਾਰਦਾਤ ਸਾਹਨੇਵਾਲ ਦੇ ਪਿੰਡ ਨੰਦਪੁਰ ਨੇੜੇ ਸ਼ਰਾਬ ਦੇ ਅਹਾਤੇ ਦੀ ਦੱਸੀ ਜਾਂਦੀ ਹੈ।
ਜਾਣਕਾਰੀ ਅਨੁਸਾਰ ਯੂਥ ਕਾਂਗਰਸੀ ਆਗੂ ਅਨੁਜ ਕੁਮਾਰ ਦਾ ਭਰਾ ਅਮਿਤ ਕੁਮਾਰ ਦੁਕਾਨ (ਅਹਾਤੇ) ‘ਤੇ ਬੈਠਾ ਸੀ। ਇਸ ਦੌਰਾਨ ਮੋਟਰਸਾਈਕਲ ‘ਤੇ ਸਵਾਰ ਤਿੰਨ ਜਣੇ ਅਹਾਤੇ ਦੇ ਅੰਦਰ ਵੜੇ ਤੇ ਅਮਿਤ ਕੁਮਾਰ ‘ਤੇ ਗੋਲੀਆਂ ਚਲਾਈਆਂ। ਬਾਅਦ ਵਿਚ ਕਾਤਲ ਮੌਕੇ ਤੋਂ ਫ਼ਰਾਰ ਹੋ ਗਏ। ਆਸਪਾਸ ਦੇ ਲੋਕਾਂ ਨੇ ਗੋਲੀਆਂ ਦੀ ਆਵਾਜ਼ ਸੁਣ ਕੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੇ ਮੌਕੇ ‘ਤੇ ਪੁੱਜਣ ਤੋਂ ਪਹਿਲਾਂ ਹੀ ਲੋਕਾਂ ਨੇ ਅਮਿਤ ਕੁਮਾਰ ਨੂੰ ਐੱਸ.ਪੀ.ਐੱਸ. ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਸਾਹਨੇਵਾਲ ਦੇ ਐੱਸ.ਐੱਚ.ਓ. ਗੁਰਮੁਖ ਸਿੰਘ ਦੀ ਅਗਵਾਈ ਹੇਠ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਧਰ ਮ੍ਰਿਤਕ ਦੇ ਭਰਾ ਅਨੁਜ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਅਮਿਤ ਨੰਦਪੁਰ ਸੂਏ ਦੇ ਨੇੜੇ ਇਕ ਸ਼ਰਾਬ ਦੇ ਠੇਕੇ ‘ਤੇ ਅਹਾਤਾ ਚਲਾਉਂਦਾ ਹੈ। ਉਹ ਦੇਰ ਰਾਤ ਵੀ ਉਥੇ ਹੀ ਬੈਠਾ ਹੋਇਆ ਸੀ। ਇਸ ਦੌਰਾਨ ਤਿੰਨ ਲੋਕ ਬਾਈਕ ‘ਤੇ ਸਵਾਰ ਹੋ ਕੇ ਉੱਥੇ ਪਹੁੰਚੇ। ਅਨੁਜ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਾਮਾਨ ਲੈਣ ਦੇ ਬਹਾਨੇ ਅਹਾਤੇ ਵਿਚ ਦਾਖਲ ਹੋਏ। ਉਨ੍ਹਾਂ ਦਾ ਅਮਿਤ ਨਾਲ ਝਗੜਾ ਹੋਇਆ। ਇਸ ਤੋਂ ਬਾਅਦ ਤਿੰਨਾਂ ਵਿਚੋਂ ਇੱਕ ਨੇ ਪਿਸਤੌਲ ਕੱਢੀ ਤੇ ਅਮਿਤ ਨੂੰ ਗੋਲੀ ਮਾਰ ਦਿੱਤੀ। ਗੋਲੀ ਅਮਿਤ ਦੀ ਛਾਤੀ ਵਿਚ ਲੱਗੀ ਤੇ ਉਹ ਮੌਕੇ ‘ਤੇ ਹੀ ਡਿੱਗ ਗਿਆ। ਗੋਲੀ ਮਾਰਨ ਤੋਂ ਬਾਅਦ ਮੁਲਜ਼ਮ ਉਥੋਂ ਫ਼ਰਾਰ ਹੋ ਗਏ। ਫਿਲਹਾਲ ਪੁਲਿਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।
ਲੁਧਿਆਣਾ ‘ਚ ਯੂਥ ਕਾਂਗਰਸੀ ਆਗੂ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ

