ਲੁਧਿਆਣਾ, 4 ਫਰਵਰੀ (ਪੰਜਾਬ ਮੇਲ)- ਲੁਧਿਆਣਾ ‘ਚ ਮੁੜ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਇਸ ਵਾਰ ਪੂਰੇ ਲੁਧਿਆਣਾ ਵਿਚ ਨਹੀਂ, ਸਗੋਂ ਹਲਕਾ ਪੱਛਮੀ ਸੀਟ ‘ਤੇ ਹੀ ਚੋਣਾਂ ਹੋਣਗੀਆਂ। ਇਸ ਦੇ ਨਾਲ ਹੀ ਕਾਂਗਰਸੀ ਕੌਂਸਲਰ ਰਾਜ ਕੁਮਾਰ ਰਾਜੂ ਦੀ ਮੌਤ ਮਗਰੋਂ ਉਹ ਵਾਰਡ ਵੀ ਖਾਲੀ ਹੋ ਗਿਆ ਹੈ। ਹਲਕਾ ਪੱਛਮੀ ਦੀ ਸੀਟ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੇ ਦੇਹਾਂਤ ਮਗਰੋਂ ਖਾਲੀ ਹੋ ਗਈ ਹੈ। ‘ਆਪ’ ਵੱਲੋਂ ਇਸ ਸੀਟ ਲਈ ਮਜ਼ਬੂਤ ਦਾਅਵੇਦਾਰ ਮਰਹੂਮ ਵਿਧਾਇਕ ਗੋਗੀ ਦੀ ਪਤਨੀ ਡਾ. ਸੁਖਚੈਨ ਕੌਰ ਗੋਗੀ ਹਨ, ਜਦਕਿ ਕਾਂਗਰਸ ਇੱਕ ਵਾਰ ਮੁੜ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਦਾਅ ਲਗਾਉਣ ਦੀ ਤਿਆਰੀ ਕਰ ਰਹੀ ਹੈ। ਉਹ ਰੋਜ਼ਾਨਾ ਕਈ ਪ੍ਰੋਗਰਾਮਾਂ ਵਿਚ ਹਿੱਸਾ ਲੈ ਰਹੇ ਹਨ। ਇਸ ਦੇ ਨਾਲ ਹੀ ਡਾ. ਸੁਖਚੈਨ ਕੌਰ ਗੋਗੀ ਵੀ ਰੋਜ਼ਾਨਾ ਵਾਂਗ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ ਅਤੇ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਅੰਦਰੂਨੀ ਤੌਰ ‘ਤੇ ਚੋਣਾਂ ਲਈ ਤਿਆਰ ਰਹਿਣ ਲਈ ਕਿਹਾ ਹੈ। ਭਾਜਪਾ ਵੱਲੋਂ ਐਡਵੋਕੇਟ ਬਿਕਰਮਜੀਤ ਸਿੰਘ ਸਿੱਧੂ, ਜੀਵਨ ਗੁਪਤਾ, ਐਡਵੋਕੇਟ ਅਨਿਲ ਸਰੀਨ ਸਣੇ ਕਈ ਆਗੂ ਕਤਾਰ ਵਿਚ ਹਨ। ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਕਤਾਰ ‘ਚ ਹਨ।