#PUNJAB

ਲੁਧਿਆਣਾ ’ਚ ਪੁਲੀਸ ਮੁਕਾਬਲੇ ਦੌਰਾਨ ਦੋ ਗੈਂਗਸਟਰ ਜ਼ਖ਼ਮੀ

ਲੁਧਿਆਣਾ, 16 ਮਾਰਚ (ਪੰਜਾਬ ਮੇਲ)- ਇਥੇ ਦੁੱਗਰੀ ਇਲਾਕੇ ਵਿਚ ਦੇਰ ਰਾਤ ਡੇਢ ਵਜੇ ਦੇ ਕਰੀਬ ਪੁਲੀਸ ਮੁਕਾਬਲੇ ਦੌਰਾਨ ਦੋ ਗੈਂਗਸਟਰ ਜ਼ਖ਼ਮੀ ਹੋ ਗਏ। ਪੁਲੀਸ ਨੂੰ ਦੁੱਗਰੀ ਇਲਾਕੇ ਵਿੱਚ ਗੈਂਗਸਟਰਾਂ ਦੀ ਨਕਲੋ ਹਰਕਤ ਬਾਰੇ ਜਾਣਕਾਰੀ ਮਿਲੀ ਸੀ।

ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਦੋਵਾਂ ਮੁਲਜ਼ਮਾਂ ਨੂੰ ਘੇਰ ਲਿਆ। ਪੁਲੀਸ ਦੀ ਘੇਰਾਬੰਦੀ ਦੇਖ ਕੇ ਮੁਲਜ਼ਮਾਂ ਨੇ ਪੁਲੀਸ ਪਾਰਟੀ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਜਵਾਬੀ ਕਾਰਵਾਈ ਵਿੱਚ ਪੁਲੀਸ ਨੇ ਵੀ ਗੋਲੀਆਂ ਚਲਾਈਆਂ ਤੇ ਦੋਵੇਂ ਮੁਲਜ਼ਮ ਫੱਟੜ ਹੋ ਗਏ। ਦੋਵਾਂ ਦੇ ਪੱਟਾਂ ਵਿੱਚ ਗੋਲੀ ਲੱਗੀ ਹੈ। ਦੋਵਾਂ ਨੂੰ ਪੁਲੀਸ ਨੇ ਦੇਰ ਰਾਤ ਤਿੰਨ ਵਜੇ ਦੇ ਕਰੀਬ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਹਥਿਆਰ ਵੀ ਬਰਾਮਦ ਕੀਤੇ ਹਨ। ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਗਗਨਦੀਪ ਸਿੰਘ ਗੱਗੂ ਤੇ ਮਨਦੀਪ ਕੁਮਾਰ ਮਿੱਠੂ ਵਜੋਂ ਹੋਈ ਹੈ।

ਮੁਲਜ਼ਮਾਂ ’ਤੇ ਜਬਰ ਜਨਾਹ, ਐਨਡੀਪੀਐਸ ਐਕਟ ਤੇ ਲੁੱਟ ਦੇ ਕੇਸ ਦਰਜ ਹਨ। ਦੋਵਾਂ ਦੇ ਕਬਜ਼ੇ ਵਿੱਚੋਂ ਇੱਕ ਹਥਿਆਰ, ਬਿਨਾਂ ਨੰਬਰ ਵਾਲੀ ਐਕਟਿਵਾ ਤੇ ਮੋਬਾਈਲ ਫੋਨ ਬਰਾਮਦ ਹੋਇਆ ਹੈ।