#CANADA

ਲਾਹੌਰ ’ਚ ਗਿਆਨੀ ਗੁਰਦਿੱਤ ਸਿੰਘ ਅਤੇ ਇੰਦਰਜੀਤ ਕੌਰ ਸੰਧੂ ਦੀ ਜਨਮ ਸ਼ਤਾਬਦੀ ਸੰਬੰਧੀ ਵਿਸ਼ੇਸ਼ ਸਮਾਗਮ

-ਬਲਦੇਵ ਸਿੰਘ ‘ਸੜਕਨਾਮਾ’ ਦੀ ਗਿਆਨੀ ਗੁਰਦਿੱਤ ਸਿੰਘ ਬਾਰੇ ਸ਼ਾਹਮੁਖੀ ਵਿਚ ਛਪੀ ਪੁਸਤਕ ਰਿਲੀਜ਼
ਸਰੀ, 15 ਨਵੰਬਰ (ਹਰਦਮ ਮਾਨ/ਪੰਜਾਬ ਮੇਲ)- ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫ਼ੋਰਮ ਲਾਹੌਰ ਵੱਲੋਂ ਹਰਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਅਤੇ ਭਾਈ ਸਾਹਿਬ ਰਣਧੀਰ ਸਿੰਘ ਟਰੱਸਟ ਯੂ.ਕੇ. ਦੇ ਸਹਿਯੋਗ ਨਾਲ ਬੀਤੇ ਦਿਨੀਂ ਨਾਮਵਰ ਪੰਜਾਬੀ ਸਾਹਿਤਕਾਰ ਮਰਹੂਮ ਗਿਆਨੀ ਗੁਰਦਿੱਤ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਮਰਹੂਮ ਇੰਦਰਜੀਤ ਕੌਰ ਸੰਧੂ ਦੀ ਜਨਮ ਸ਼ਤਾਬਦੀ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਮੀਰ ਖ਼ਲੀਲੁ ਰਹਿਮਾਨ ਮੈਮੋਰੀਅਲ ਸੁਸਾਇਟੀ ਦੇ ਚੇਅਰਮੈਨ ਅਤੇ ਰੋਜ਼ਾਨਾ ਜੰਗ ਨਾਲ ਜੁੜੇ ਸੀਨੀਅਰ ਪੱਤਰਕਾਰ ਵਾਸੀਫ ਨਾਗੀ ਸਨ, ਵਿਸ਼ੇਸ਼ ਮਹਿਮਾਨ ਡਾ. ਸ਼ਾਇਸਤਾ ਨੁਜ਼ਹਤ ਅਤੇ ਪੰਜਾਬ ਹਾਇਰ ਐਜੂਕੇਸ਼ਨ ਕਮਿਸ਼ਨ ਦੇ ਡਾਇਰੈਕਟਰ ਕੋਆਰਡੀਨੇਸ਼ਨ ਡਾ. ਤਨਵੀਰ ਕਾਸਿਮ ਰਾਣਾ ਸਨ। ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫ਼ੋਰਮ ਦੇ ਡਾਇਰੈਕਟਰ ਡਾ. ਅਬਦੁੱਲ ਰੱਜ਼ਾਕ ਸ਼ਾਹਿਦ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਗਿਆਨੀ ਗੁਰਦਿੱਤ ਸਿੰਘ ਦੀਆਂ ਸਾਹਿਤਕ ਸੇਵਾਵਾਂ ਅਤੇ ਪ੍ਰੋ. ਇੰਦਰਜੀਤ ਕੌਰ ਦੀਆਂ ਵਿੱਦਿਅਕ ਸੇਵਾਵਾਂ ਬਾਰੇ ਚਾਨਣਾ ਪਾਇਆ।
ਉਨ੍ਹਾਂ ਦੱਸਿਆ ਕਿ ਦੋਵੇਂ ਪਤੀ-ਪਤਨੀ ਦਾ ਜਨਮ 1923ਈ. ਵਿਚ ਹੋਇਆ ਸੀ। ਉਨ੍ਹਾਂ ਦੇ ਸ਼ਤਾਬਦੀ ਸਮਾਗਮ ਪੂਰੇ ਭਾਰਤ ਵਿਚ ਮਨਾਏ ਜਾ ਰਹੇ ਹਨ। ਗਿਆਨੀ ਜੀ ਪੰਜਾਬੀ ਅਖ਼ਬਾਰ ‘‘ਪ੍ਰਕਾਸ਼’’ ਦੇ ਮਾਲਕ ਅਤੇ ਸੰਪਾਦਕ ਸਨ। ਉਹ ਸਿੱਖ ਇਤਿਹਾਸ ਦੇ ਮਾਸਿਕ ਮੈਗਜ਼ੀਨ ‘‘ਸਿੰਘ ਸਭਾ ਪੱਤਿ੍ਰਕਾ’’ ਦੇ ਸੰਪਾਦਕ ਵੀ ਸਨ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ। 1956 ਤੋਂ 1962 ਤੱਕ ਉਹ ਪੰਜਾਬ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਰਹੇ। ਇਹ ਸਨਮਾਨ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਅਤੇ ਆਖ਼ਰੀ ਪੰਜਾਬੀ ਲੇਖਕ ਸਨ। ਪ੍ਰੋ. ਇੰਦਰਜੀਤ ਕੌਰ ਨੇ ਵੀ ਬੈਚਲਰ ਆਫ਼ ਟੀਚਿੰਗ ਦੇ ਨਾਲ-ਨਾਲ ਲਾਹੌਰ ਕਾਲਜ ਤੋਂ ਫਿਲਾਸਫੀ ਵਿਚ ਆਪਣੀ ਐੱਮ.ਏ. ਕੀਤੀ। ਉਨ੍ਹਾਂ ਨੇ ਆਪਣਾ ਪੇਸ਼ੇਵਰ ਜੀਵਨ ਇੱਕ ਅਧਿਆਪਕਾ ਵਜੋਂ ਸ਼ੁਰੂ ਕੀਤਾ। ਕਈ ਕਾਲਜਾਂ ਵਿਚ ਪੜ੍ਹਾਉਣ ਤੋਂ ਬਾਅਦ ਉਹ ਬੇਸਿਕ ਟਰੇਨਿੰਗ ਕਾਲਜ ਚੰਡੀਗੜ੍ਹ ਦੀ ਪਿ੍ਰੰਸੀਪਲ ਬਣ ਗਈ। ਉਹ ਗੌਰਮਿੰਟ ਕਾਲਜ ਫ਼ਾਰ ਵੂਮੈਨ ਅੰਮਿ੍ਰਤਸਰ ਦੀ ਪਿ੍ਰੰਸੀਪਲ ਵੀ ਰਹੀ। 1975 ਵਿਚ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਾਈਸ-ਚਾਂਸਲਰ ਬਣੀ। ਉਹ ਯੂਨੀਵਰਸਿਟੀ ਦੀ ਤੀਜੀ ਵਾਈਸ-ਚਾਂਸਲਰ ਅਤੇ ਉੱਤਰੀ ਭਾਰਤ ਦੀ ਪਹਿਲੀ ਮਹਿਲਾ ਵਾਈਸ-ਚਾਂਸਲਰ ਸਨ। ਉਹ ਪਿਛਲੇ ਸਾਲ 99 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ ਸਨ।
ਦੋਵਾਂ ਸ਼ਖ਼ਸੀਅਤਾਂ ਦੀ ਜਾਣ-ਪਛਾਣ ਤੋਂ ਬਾਅਦ ਕੈਨੇਡਾ ਵਸਦੇ ਜੈਤੇਗ ਸਿੰਘ ਅਨੰਤ ਵੱਲੋਂ ਵੌਇਸ ਸੰਦੇਸ਼ ਸੁਣਾਇਆ ਗਿਆ। ਦੋਵਾਂ ਪਤੀ-ਪਤਨੀ ਦੀਆਂ ਜੀਵਨ ਪ੍ਰਾਪਤੀਆਂ ’ਤੇ ਆਧਾਰਿਤ ਸਲਾਈਡਾਂ ਦਿਖਾਈਆਂ ਗਈਆਂ। ਜ਼ੂਮ ਲਿੰਕ ’ਤੇ ਹੋਏ ਸਮਾਰੋਹ ’ਚ ਦੋਵਾਂ ਸ਼ਖਸੀਅਤਾਂ ਦੇ ਰਿਸ਼ਤੇਦਾਰ ਮੌਜੂਦ ਸਨ। ਗੁਰਦਿੱਤ ਸਿੰਘ ਦੇ ਸਪੁੱਤਰ ਰੂਪਿੰਦਰ ਸਿੰਘ ਨੇ ਦੋਵਾਂ ਬਾਰੇ ਖ਼ੂਬਸੂਰਤ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਾਹਿਤਕ ਅਤੇ ਅਕਾਦਮਿਕ ਸੇਵਾਵਾਂ ਦਾ ਇੱਕ ਜ਼ਮਾਨਾ ਸ਼ਲਾਘਾ ਕਰਦਾ ਹੈ। ਗੁਰਿੰਦਰ ਮਾਨ ਅਮਰੀਕਾ ਤੋਂ ਇਸ ਸਮਾਗਮ ਵਿਚ ਸ਼ਾਮਲ ਹੋਏ।
ਸਮਾਗਮ ਦੇ ਅਗਲੇ ਪੜਾਅ ਵਿਚ ਗਿਆਨੀ ਗੁਰਦਿੱਤ ਸਿੰਘ ਬਾਰੇ ਬਲਦੇਵ ਸਿੰਘ ‘ਸੜਕਨਾਮਾ’ ਦੀ ਸ਼ਾਹਮੁਖੀ ਵਿਚ ਛਪੀ ਪੁਸਤਕ ਰਿਲੀਜ਼ ਕੀਤੀ ਗਈ। ਇਸ ਪੁਸਤਕ ਵਿਚ ਉਨ੍ਹਾਂ ਨੇ ਗਿਆਨੀ ਗੁਰਦਿੱਤ ਸਿੰਘ ਦੀਆਂ ਸੇਵਾਵਾਂ ਦਾ ਵਰਨਣ ਕੀਤਾ ਹੈ। ਸਮਾਗਮ ਦਾ ਤੀਜੇ ਪੜਾਅ ਵਿਚ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀਆਂ ਨਾਮਵਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਨੈਸ਼ਨਲ ਕਾਲਜ ਆਫ਼ ਆਰਟਸ ਦੇ ਸਾਬਕਾ ਪਿ੍ਰੰਸੀਪਲ ਅਤੇ ‘ਥਾਪ’ ਦੇ ਸੀ.ਈ.ਓ. ਪ੍ਰੋ. ਸਾਜਿਦਾ ਹੈਦਰ ਵੰਡਲ, ਨਾਮਵਰ ਪੰਜਾਬੀ ਲੇਖਕ, ਨਾਵਲਕਾਰ, ਸਫ਼ਰਨਾਮਾ ਲੇਖਕ ਅਤੇ ਕਵੀ ਪ੍ਰੋ. ਆਸ਼ਿਕ ਰਾਹੀਲ ਨੂੰ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਅਤੇ ਨਕਦ ਇਨਾਮ ਦਿੱਤਾ ਗਿਆ। ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਸੇਵਾਵਾਂ ਬਦਲੇ ਪ੍ਰੋ. ਡਾ. ਕਲਿਆਣ ਸਿੰਘ ਕਲਿਆਣ, ਪ੍ਰੋ. ਡਾ. ਇਬਾਦਤ ਨਬੀਲ ਸ਼ਾਦ ਅਤੇ ਸਤਵੰਤ ਕੌਰ ਲੈਕਚਰ ਕਿੰਨਰਡ ਕਾਲਜ ਨੂੰ ਪੰਜਾਬੀ ਸੇਵਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।