ਸੈਕਰਾਮੈਂਟੋ, ਕੈਲੀਫੋਰਨੀਆ, 18 ਅਗਸਤ , (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਉੱਤਰੀ ਹਾਲੀਵੁੱਡ, ਕੈਲੀਫੋਰਨੀਆ ਵਿੱਚ ਇੱਕ 70 ਸਾਲਾ ਸਿੱਖ ਬਜ਼ੁਰਗ ਹਰਪਾਲ ਸਿੰਘ ਉੱਪਰ ਹਮਲਾ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਆਈ ਸੀ ਯੂ ਵਿੱਚ ਦਾਖਲ ਹਰਪਾਲ ਸਿੰਘ ਦੇ ਸਿਰ ਤੇ ਮੂੰਹ ਉਪਰ ਸੱਟਾਂ ਵੱਜੀਆਂ ਹਨ ਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਲਾਸ ਏਂਜਲਸ ਪੁਲਿਸ ਅਨੁਸਾਰ ਬੋ ਰਿਚਰਡ ਵੀਟਾਗਲਿਆਨੋ (44) ਨਾਮੀ ਸ਼ੱਕੀ ਨੂੰ ਲੈਂਕਰਸ਼ਿਮ ਬੁਲੇਵਰਡ ਤੇ ਅਰਮਿੰਟਾ ਸਟਰੀਟ ਨੇੜੇ ਗ੍ਰਿਫਤਾਰ ਕੀਤਾ ਹੈ। ਉਸ ਨੂੰ ਖਤਰਨਾਕ ਹੱਥਿਆਰ ਨਾਲ ਹਮਲਾ ਕਰਨ ਦੇ ਦੋਸ਼ਾਂ ਤਹਿਤ ਵੈਨ ਨਿਊਇਸ ਜੇਲ ਵਿੱਚ ਰੱਖਿਆ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਵਿਟਾਗਿਲਆਨੋ ਇੱਕ ਬੇਘਰਾ ਵਿਅਕਤੀ ਹੈ ਤੇ ਉਸ ਦਾ ਅਪਰਾਧਕ ਪਿਛੋਕੜ ਹੈ। ਲਾਸ ਏਂਜਲਸ ਪੁਲਿਸ ਮੁੱਖੀ ਜਿਮ ਮੈਕਡੋਨਲ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਨਫਰਤੀ ਅਪਰਾਧ ਦੇ ਨਜ਼ਰੀਏ ਤੋਂ ਨਹੀਂ ਕੀਤੀ ਜਾ ਰਹੀ । ਇਹ ਮਾਮਲਾ ਪੀੜਤ ਦੀ ਜਾਇਦਾਦ ਨਾਲ ਜੁੜਿਆ ਹੋਇਆ ਹੈ। ਓਧਰ ਸਿੱਖ ਜਥੇਬੰਦੀਆਂ ਨੇ ਘਟਨਾ ਖਿਲਾਫ ਪ੍ਰਦਰਸ਼ਨ ਕੀਤਾ ਹੈ ਤੇ ਨਿਆਂ ਦੀ ਮੰਗ ਕੀਤੀ ਹੈ। ਸਿੱਖ ਕੁਲੀਸ਼ਨ ਤੇ ਸਿੱਖ ਭਾਈਚਾਰੇ ਦੇ ਹੋਰ ਆਗੂਆਂ ਨੇ ਪੁਲਿਸ ਦੀ ਜਾਂਚ ਉਪਰ ਸਵਾਲ ਚੁੱਕੇ ਹਨ ਤੇ ਕਿਹਾ ਹੈ ਕਿ ਪੀੜਤ ਅਜੇ ਬੇਹੋਸ਼ੀ ਦੀ ਹਾਲਤ ਵਿੱਚ ਹੈ ਤੇ ਉਹ ਬੋਲ ਵੀ ਨਹੀਂ ਸਕਦਾ , ਅਜਿਹੇ ਹਾਲਤ ਵਿੱਚ ਪੁਲਿਸ ਕਿੱਦਾਂ ਕਿਸੇ ਸਿੱਟੇ ਉੱਪਰ ਪੁੱਜ ਸਕਦੀ ਹੈ। ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਫੰਡ ਨੇ ਮਾਮਲੇ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਕਰਨ ਤੇ ਸਿੱਖਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਪੀੜਤ ਦੇ ਭਰਾ ਡਾਕਟਰ ਗੁਰਦਿਆਲ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਪਾਲ ਸਿੰਘ ਦੇ 3 ਆਪਰੇਸ਼ਨ ਹੋਏ ਹਨ ਤੇ ਇਸ ਵੇਲੇ ਉਹ ਮੁਕੰਮਲ ਬੇਹੋਸ਼ੀ ਦੀ ਹਾਲਤ ਵਿੱਚ ਹੈ। ਉਸ ਨੇ ਸ਼ੱਕੀ ਦੀ ਗ੍ਰਿਫਤਾਰੀ ਲਈ ਪੁਲਿਸ ਦਾ ਧੰਨਵਾਦ ਕੀਤਾ ਹੈ ਤੇ ਨਾਲ ਹੀ ਕਿਹਾ ਹੈ ਕਿ ਉਹ ਫਿਕਰਮੰਦ ਹੈ ਕਿ ਪੁਲਿਸ ਨੇ ਘਟਨਾ ਨੂੰ ਨਫਰਤੀ ਅਪਰਾਧ ਵਜੋਂ ਨਹੀਂ ਲਿਆ। ਲਾਸ ਏਂਜਲਸ ਸ਼ਹਿਰ ਦੇ ਕੌਂਸਲ ਮੈਂਬਰ ਐਡਰਿਨ ਨਜ਼ਾਰੀਅਨ ਜੋ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸਨ,ਨੇ ਸਿੱਖ ਭਾਈਚਾਰੇ ਨੂੰ ਇਕਜੁੱਟ ਤੇ ਚੌਕਸ ਰਹਿਣ ਦੀ ਬੇਨਤੀ ਕਰਦਿਆਂ ਕਿਹਾ ਕਿ ਇਸ ਕਿਸਮ ਦੀ ਘਟਨਾ ਸਾਨੂੰ ਸਾਰਿਆਂ ਨੂੰ ਬਹੁਤ ਬੁਰਾ ਅਹਿਸਾਸ ਕਰਵਾਉਂਦੀ ਹੈ। ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਸਿੱਖ ਭਾਈਚਾਰਾ ਸੁਰੱਖਿਅਤ ਤੇ ਬੇਖੌਫ ਮਹਿਸੂਸ ਕਰੇ। ਦੂਸਰੇ ਪਾਸੇ ਪੁਲਿਸ ਨੇ ਕਿਹਾ ਹੈ ਕਿ ਉਸ ਨੇ ਖੇਤਰ ਵਿੱਚ ਗਸ਼ਤ ਵਧਾ ਦਿੱਤੀ ਹੈ।
ਲਾਸ ਏਂਜਲਸ ਵਿੱਚ ਬਜ਼ੁਰਗ ਸਿੱਖ ਉੱਪਰ ਹਮਲਾ ਕਰਨ ਦੇ ਮਾਮਲੇ ਵਿੱਚ ਇੱਕ ਸ਼ੱਕੀ ਗ੍ਰਿਫਤਾਰ * ਹਮਲੇ ਦੀ ਨਫਰਤੀ ਅਪਰਾਧ ਦੇ ਨਜ਼ਰੀਏ ਤੋਂ ਜਾਂਚ ਦੀ ਮੰਗ
