+1-916-320-9444 (USA)
#AMERICA

ਲਾਸ ਏਂਜਲਸ ‘ਚ ਵਿਖਾਵਾਕਾਰੀ ਦੀ ਸ਼ੁਰੂ ਹੋਈ ਚੰਗਿਆੜੀ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ‘ਚ ਫੈਲੀ

– ਟਰੰਪ ਵੱਲੋਂ ਲਾਸ ਏਂਜਲਸ ‘ਚ 4 ਹਜ਼ਾਰ ਨੈਸ਼ਨਲ ਗਾਰਡ ਅਤੇ 700 ਮੈਰੀਨਸ ਤਾਇਨਾਤ
-ਲਾਸ ਏਂਜਲਸ ‘ਚ ਸਥਾਨਕ ਐਮਰਜੈਂਸੀ ਦਾ ਐਲਾਨ; ਬੇਕਾਬੂ ਹੋਈ ਸਥਿਤੀ ਨੂੰ ਰੋਕਣ ਲਈ ਕਰਫਿਊ ਲਗਾਇਆ
ਲਾਸ ਏਂਜਲਸ, 11 ਜੂਨ (ਪੰਜਾਬ ਮੇਲ)-ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਵੱਲੋਂ ਮਾਰੇ ਜਾਂਦੇ ਛਾਪਿਆਂ ਨੂੰ ਲੈ ਕੇ ਲਾਸ ਏਂਜਲਸ ਵਿਚ ਹੋਏ ਵਿਰੋਧ ਪ੍ਰਦਰਸ਼ਨ ਹੁਣ ਅਮਰੀਕਾ ਦੇ ਵੱਖ-ਵੱਖ ਥਾਂਵਾਂ ‘ਤੇ ਫੈਲ ਗਏ ਹਨ। ਲਾਸ ਏਂਜਲਸ ਤੋਂ ਬਾਅਦ ਸੈਂਟਾ ਐਨਾ, ਸਾਨ ਫਰਾਂਸਿਸਕੋ, ਸੈਕਰਾਮੈਂਟੋ, ਸਿਆਟਲ, ਵਾਸ਼ਿੰਗਟਨ ਡੀ.ਸੀ., ਆਸਟਿਨ, ਡੈਲਸ, ਵਾਸ਼ਿੰਗਟਨ, ਫਿਲਾਡਲਫੀਆ, ਬੋਸਟਨ, ਨਿਊਯਾਰਕ, ਸ਼ਿਕਾਗੋ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਹਿਰਾਂ ਵਿਚ ਟਰੰਪ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਹੋ ਰਹੇ ਹਨ। ਲੋਕ ਭਾਰੀ ਗਿਣਤੀ ਵਿਚ ਇਕੱਤਰ ਹੋ ਕੇ ਮਾਰਚ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਇਨਫੋਰਸਮੈਂਟ ਏਜੰਸੀ ਖਿਲਾਫ ਬੈਨਰ ਚੁੱਕੇ ਹੋਏ ਸਨ। ਬਹੁਤ ਸਾਰੀਆਂ ਥਾਂਵਾਂ ‘ਤੇ ਆਵਾਜਾਈ ਨੂੰ ਰੋਕਿਆ ਗਿਆ, ਜਿਸ ਕਰਕੇ ਆਮ ਨਾਗਰਿਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਹ ਵੀ ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਪ੍ਰਦਰਸ਼ਨ ਹੋਰ ਵੀ ਵੱਧ ਸਕਦੇ ਹਨ।
ਲਾਸ ਏਂਜਲਸ ਵਿਚ ਇਹ ਪ੍ਰਦਰਸ਼ਨ ਹਿੰਸਕ ਰੂਪ ਧਾਰ ਗਏ। ਰਾਸ਼ਟਰਪਤੀ ਟਰੰਪ ਦੇ ਹੁਕਮਾਂ ‘ਤੇ ਇਥੇ ਭਾਰੀ ਗਿਣਤੀ ਵਿਚ ਆਰਮੀ ਤਾਇਨਾਤ ਕੀਤੀ ਗਈ ਹੈ ਅਤੇ ਵੱਡੀ ਗਿਣਤੀ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ।
ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਤਾਇਨਾਤ ਕੀਤੀ ਫੌਜ ਦੀ ਉਲੰਘਣਾ ਕੀਤੀ, ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਇਸ ‘ਤੇ ਗੈਵਿਨ ਨਿਊਸਮ ਨੇ ਵੀ ਠੋਕ ਕੇ ਜਵਾਬ ਦਿੱਤਾ ਹੈ ਅਤੇ ਕਿਹਾ ਹੈ ਕਿ ਇਹ ਸੰਵਿਧਾਨ ਦੀ 10ਵੀਂ ਸੋਧ ਬਿੱਲ ਦੇ ਖਿਲਾਫ ਹੈ।
ਕੈਲੀਫੋਰਨੀਆ ਦੇ ਕੁੱਝ ਹੋਰ ਆਗੂਆਂ ਨੇ ਵੀ ਟਰੰਪ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ ਅਤੇ ਗਵਰਨਰ ਗੈਵਿਨ ਨਿਊਸਮ ਦੇ ਹੱਕ ਵਿਚ  ਖੜ੍ਹੇ ਹੋਣ ਦਾ ਐਲਾਨ ਕੀਤਾ ਹੈ।
ਲਾਸ ਏਂਜਲਸ ਮੇਅਰ ਕੈਰੇਨ ਬਾਸ ਅਤੇ ਕੈਲੀਫੋਰਨੀਆ ਗਵਰਨਰ ਗੈਵਿਨ ਨਿਊਸਮ ਦਾ ਕਹਿਣਾ ਹੈ ਕਿ ਟਰੰਪ ਵੱਲੋਂ ਲਾਸ ਏਂਜਲਸ ਦੀ ਸਥਿਤੀ ਬਾਰੇ ਜੋ ਦੱਸਿਆ ਗਿਆ, ਉਹ ਸੱਚਾਈ ਤੋਂ ਕੋਹਾਂ ਦੂਰ ਹੈ। ਮੇਅਰ ਕੈਰਨ ਬਾਸ ਨੇ ਕਿਹਾ ਕਿ ”ਭੰਨਤੋੜ ਅਤੇ ਲੁੱਟਮਾਰ ਨੂੰ ਰੋਕਣ ਲਈ” ਬੀਤੇ ਦਿਨੀਂ ਡਾਊਨਟਾਊਨ ਖੇਤਰ ਵਿਚ ਕਰਫਿਊ ਲਗਾਇਆ ਗਿਆ ਹੈ। ਬਾਸ ਨੇ ਇੱਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਉਸਨੇ ਇੱਕ ਸਥਾਨਕ ਐਮਰਜੈਂਸੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਟਰੰਪ ਫ਼ੌਜੀ ਤਾਇਨਾਤ ਕਰਕੇ ਜਨਤਕ ਸੁਰੱਖਿਆ ਖ਼ਤਰੇ ਵਿਚ ਪਾ ਰਹੇ ਹਨ, ਜਦਕਿ ਪੁਲਿਸ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਮਦਦ ਦੀ ਲੋੜ ਨਹੀਂ ਹੈ। ਗਵਰਨਰ ਨਿਊਸਮ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਪੋਸਟ ਸਾਂਝੀ ਕਰ ਕੇ ਟਰੰਪ ਦੇ ਇਸ ਕਦਮ ਨੂੰ ਲਾਪ੍ਰਵਾਹੀ ਵਾਲਾ ਅਤੇ ਸਥਾਨਕ ਬਲਾਂ ਲਈ ਅਪਮਾਨਜਨਕ ਕਰਾਰ ਦਿੱਤਾ।

ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਅਤੇ ਅਧਿਕਾਰੀਆਂ ਨੇ ਸੂਬੇ ਵਿਚ ਸੰਘੀ ਫੌਜਾਂ ਦੀ ਨਫ਼ਰੀ ਵਧਾਏ ਜਾਣ ਦਾ ਵਿਰੋਧ ਕੀਤਾ ਹੈ। ਪੁਲਿਸ ਮੁਖੀ ਦਾ ਕਹਿਣਾ ਹੈ ਕਿ ਇਸ ਨਾਲ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਵਿਚ ਮੁਸ਼ਕਲ ਪੈਦਾ ਹੋਵੇਗੀ। ਟਰੰਪ ਨੇ ਪਹਿਲਾਂ 2000 ਜਵਾਨਾਂ ਨੂੰ ਲਾਸ ਏਂਜਲਸ ਭੇਜਣ ਦਾ ਆਦੇਸ਼ ਦਿੱਤਾ ਸੀ। ਇਸ ਵੇਲੇ ਟਰੰਪ ਵੱਲੋਂ ਲਾਸ ਏਂਜਲਸ ‘ਚ 4 ਹਜ਼ਾਰ ਨੈਸ਼ਨਲ ਗਾਰਡ ਅਤੇ 700 ਮੈਰੀਨਸ ਤਾਇਨਾਤ ਕੀਤੇ ਗਏ ਹਨ।
ਹੋਮਲੈਂਡ ਸਕਿਓਰਿਟੀ ਸੈਕਟਰੀ ਕ੍ਰਿਸਟੀ ਨੋਇਮ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਰੋਕਣ ਲਈ ਹਰ ਹੀਲਾ ਵਰਤਿਆ ਜਾਵੇਗਾ। ਉਨ੍ਹਾਂ ਵੱਲੋਂ ਰਾਸ਼ਟਰਪਤੀ ਟਰੰਪ ਵੱਲੋਂ ਫੌਜ ਤਾਇਨਾਤ ਕਰਨ ਦੀ ਸ਼ਲਾਘਾ ਕੀਤੀ ਗਈ।
ਲਾਸ ਏਂਜਲਸ ਵਿਚ ਵਿਰੋਧ ਪ੍ਰਦਰਸ਼ਨ ਸ਼ੁੱਕਰਵਾਰ ਨੂੰ ਉਸ ਸਮੇਂ ਸ਼ੁਰੂ ਹੋਏ, ਜਦੋਂ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਦਿਨ ਸ਼ਹਿਰ ਵਿਚ 40 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ, ਸੋਮਵਾਰ ਦੇ ਪ੍ਰਦਰਸ਼ਨ ਦੌਰਾਨ ਜ਼ਿਆਦਾ ਹੰਗਾਮਾ ਨਹੀਂ ਹੋਇਆ। ਹਜ਼ਾਰਾਂ ਲੋਕ ‘ਸਿਟੀ ਹਾਲ’ ਵਿਚ ਸ਼ਾਂਤੀਪੂਰਨ ਰੈਲੀ ਵਿਚ ਸ਼ਾਮਲ ਹੋਏ ਅਤੇ ਸੈਂਕੜਿਆਂ ਨੇ ਇੱਕ ਸੰਘੀ ਕੰਪਲੈਕਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਕੰਪਲੈਕਸ ‘ਚ ਉਹ ਹਿਰਾਸਤੀ ਕੇਂਦਰ ਵੀ ਸ਼ਾਮਲ ਹੈ, ਜਿੱਥੇ ਸ਼ਹਿਰ ਵਿਚ ਛਾਪੇ ਮਗਰੋਂ ਕੁੱਝ ਪ੍ਰਵਾਸੀਆਂ ਨੂੰ ਰੱਖਿਆ ਗਿਆ ਹੈ।

ਨਿਊਆਰਕ ਦੇ ਮੇਅਰ ਰਾਸ ਬਰਾਕਾ ਨੂੰ ਗ੍ਰਿਫਤਾਰ ਕਰਕੇ ਲਿਜਾਂਦੇ ਹੋਏ ਅਧਿਕਾਰੀ।

ਇਸ ਦੌਰਾਨ ਨਿਊਜਰਸੀ ਸਟੇਟ ‘ਚ ਨਿਊਆਰਕ ਸ਼ਹਿਰ ਦੇ ਮੇਅਰ ਨੂੰ ਪ੍ਰਦਰਸ਼ਨਕਾਰੀਆਂ ਦੇ ਹੱਕ ਵਿਚ ਭੁਗਤਣ ‘ਤੇ ਗ੍ਰਿਫਤਾਰ ਕਰ ਲਿਆ ਗਿਆ। ਪਰ ਲੋਕਾਂ ਦੇ ਰੋਸ ਨੂੰ ਦੇਖਦਿਆਂ ਹੋਇਆਂ ਬਾਅਦ ਵਿਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਲਾਸ ਏਂਜਲਸ ਦੇ ਪੁਲਿਸ ਮੁਖੀ ਜਿਮ ਮੈਕਡੋਨਲ ਅਨੁਸਾਰ ਸ਼ਨੀਵਾਰ ਤੋਂ ਸ਼ਹਿਰ ਵਿਚ ”ਗੈਰ-ਕਾਨੂੰਨੀ ਅਤੇ ਖਤਰਨਾਕ ਵਿਵਹਾਰ” ਦੀਆਂ ਘਟਨਾਵਾਂ ਵਧ ਰਹੀਆਂ ਸਨ। ਉਨ੍ਹਾਂ ਕਿਹਾ, ”ਲਾਸ ਏਂਜਲਸ ਭਰ ਵਿਚ ਕਈ ਦਿਨਾਂ ਦੀ ਵਧਦੀ ਅਸ਼ਾਂਤੀ ਤੋਂ ਬਾਅਦ ਜਾਨ-ਮਾਲ ਦੀ ਰੱਖਿਆ ਲਈ ਕਰਫਿਊ ਇੱਕ ਜ਼ਰੂਰੀ ਉਪਾਅ ਹੈ।” ਇਸ ਤੋਂ ਪਹਿਲਾਂ ਮੰਗਲਵਾਰ ਨੂੰ ਨੈਸ਼ਨਲ ਗਾਰਡ ਦੇ ਜਵਾਨਾਂ ਨੇ ਲਾਸ ਏਂਜਲਸ ਵਿਚ ਲੋਕਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਇਮੀਗ੍ਰੇਸ਼ਨ ਏਜੰਟਾਂ ਨੂੰ ਸੁਰੱਖਿਆ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ। ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਦੁਆਰਾ ਪੋਸਟ ਕੀਤੀਆਂ ਗਈਆਂ ਤਸਵੀਰਾਂ ਵਿਚ ਨੈਸ਼ਨਲ ਗਾਰਡ ਦੇ ਕਰਮਚਾਰੀ ਉਨ੍ਹਾਂ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਦਾਨ ਕਰ ਰਹੇ ਹਨ, ਜੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਰਹੇ ਹਨ।