#PUNJAB

ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ‘ਚ ਡੀ.ਜੀ.ਪੀ. ਦਾ ਵੱਡਾ ਖ਼ੁਲਾਸਾ

ਚੰਡੀਗੜ੍ਹ, 17 ਮਾਰਚ (ਪੰਜਾਬ ਮੇਲ)- ਬਠਿੰਡਾ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇਕ ਟੀ.ਵੀ. ਚੈਨਲ ‘ਤੇ ਫੋਨ ਕਾਲ ਆਧਾਰਿਤ ਇੰਟਰਵਿਊ ਨੂੰ ਲੈ ਕੇ ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਵੱਡੇ ਖ਼ੁਲਾਸੇ ਕੀਤੇ ਗਏ ਹਨ। ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਪੰਜਾਬ ਦੀ ਬਠਿੰਡਾ ਜੇਲ੍ਹ ਤੋਂ ਰਿਕਾਰਡ ਨਹੀਂ ਕੀਤਾ ਗਿਆ ਹੈ। ਲਾਰੈਂਸ ਨੂੰ ਲੰਬੀ ਲੜਾਈ ਤੋਂ ਬਾਅਦ ਪੰਜਾਬ ਦੀ ਜੇਲ੍ਹ ‘ਚ ਲਿਆਂਦਾ ਗਿਆ ਸੀ ਅਤੇ ਉਸ ਦਾ ਇੰਟਰਵਿਊ ਕੁੱਝ ਸਮਾਂ ਪੁਰਾਣਾ ਹੈ। ਉਨ੍ਹਾਂ ਦੱਸਿਆ ਕਿ ਰਾਜਸਥਾਨ ਪੁਲਸ ਦਾ ਲਾਰੈਂਸ ਦਾ ਰਿਮਾਂਡ 8 ਮਾਰਚ ਨੂੰ ਖ਼ਤਮ ਹੋਣ ਮਗਰੋਂ ਉਸ ਨੂੰ ਬਠਿੰਡਾ ਲਿਆਂਦਾ ਗਿਆ ਸੀ। 9 ਮਾਰਚ ਨੂੰ ਉਸ ਨੂੰ ਤਲਵੰਡੀ ਸਾਬੋ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਲਾਰੈਂਸ ਨੂੰ 10 ਮਾਰਚ ਨੂੰ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ। ਡੀ. ਜੀ. ਪੀ. ਨੇ ਦੱਸਿਆ ਕਿ ਲਾਰੈਂਸ ਦਾ ਉਕਤ ਇੰਟਰਵਿਊ ਪੁਰਾਣਾ ਲੱਗ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਠਿੰਡਾ ਜੇਲ੍ਹ ਹਾਈ ਸਕਿਓਰਿਟੀ ਜ਼ੋਨ ‘ਚ ਹੈ ਅਤੇ ਇੱਥੇ 24 ਘੰਟੇ ਪੁਲਸ ਦੀ ਸਖ਼ਤ ਨਿਗਰਾਨੀ ਹੁੰਦੀ ਹੈ। ਇੱਥੇ ਜੈਮਰ ਲੱਗੇ ਹੋਣ ਕਾਰਨ ਮੋਬਾਇਲ ਅਤੇ ਟੈਲੀਫੋਨ ਕੰਮ ਨਹੀਂ ਕਰਦੇ। ਬਠਿੰਡਾ ਸੁਰੱਖਿਅਤ ਜੇਲ੍ਹ ਹੋਣ ਕਾਰਨ ਹੀ ਦੂਜੀਆਂ ਜੇਲ੍ਹਾਂ ਤੋਂ ਵੱਡੇ ਅਪਰਾਧੀਆਂ ਅਤੇ ਕੈਦੀਆਂ ਨੂੰ ਇੱਥੇ ਭੇਜਿਆ ਜਾਂਦਾ ਹੈ ਅਤੇ ਇੱਥੇ ਹਰੇਕ ਸੈੱਲ ‘ਚ ਸਿਰਫ ਇਕ ਮੁਲਜ਼ਮ ਹੀ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਦੇ ਸਟਾਫ਼ ਵੱਲੋਂ ਦਿਨ ‘ਚ 3-4 ਵਾਰੀ ਚੈਕਿੰਗ ਕੀਤੀ ਜਾਂਦੀ ਹੈ ਕਿ ਕਿਤਿਓਂ ਮੋਬਾਇਲ ਸਿਗਨਲ ਤਾਂ ਨਹੀਂ ਆ ਰਹੇ। ਇਸ ਤੋਂ ਇਲਾਵਾ ਹਰ ਪਾਸੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ ਅਤੇ ਅੱਜ ਤੱਕ ਜਿੰਨੀਆਂ ਵੀ ਸਰਚਾਂ ਹੋਈਆਂ ਹਨ, ਉਨ੍ਹਾਂ ‘ਚ ਕਦੇ ਵੀ ਬਠਿੰਡਾ ਜੇਲ੍ਹ ‘ਚੋਂ ਕੋਈ ਮੋਬਾਇਲ ਬਰਾਮਦ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇੰਟਰਵਿਊ ਦੌਰਾਨ ਲਾਰੈਂਸ ਦਾ ਜੋ ਹੁਲੀਆ ਦਿਖਾਇਆ ਗਿਆ ਹੈ, ਉਸ ‘ਚ ਲਾਰੈਂਸ ਦੀ ਦਾੜ੍ਹੀ ਅਤੇ ਮੁੱਛਾਂ ਲੰਬੀਆਂ ਅਤੇ ਵੱਡੀਆਂ ਹਨ ਪਰ ਉਸ ਦੀਆਂ ਹੁਣ ਹੋਈ ਪੇਸ਼ੀ ਦੀਆਂ ਜੋ ਤਸਵੀਰਾਂ ਹਨ, ਉਨ੍ਹਾਂ ‘ਚ ਲਾਰੈਂਸ ਦੇ ਵਾਲ ਛੋਟੇ ਹਨ। ਇੰਟਰਵਿਊ ਦੌਰਾਨ ਜਿਹੜੀ ਪੀਲੇ ਰੰਗ ਦੀ ਟੀ-ਸ਼ਰਟ ਦਿਖਾਈ ਗਈ ਹੈ, ਉਹ ਵੀ ਲਾਰੈਂਸ ਕੋਲੋਂ ਬਠਿੰਡਾ ਜੇਲ੍ਹ ‘ਚੋਂ ਬਰਾਮਦ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇੰਟਰਵਿਊ ਦੀ ਕੁਆਲਿਟੀ ਸਟੂਡੀਓ ਲੈਵਲ ਦੀ ਹੈ ਅਤੇ ਜੇਲ੍ਹ ‘ਚ ਇਸ ਤਰ੍ਹਾਂ ਦੀ ਰਿਕਾਰਡਿੰਗ ਕਰਨਾ ਅਸੰਭਵ ਹੈ। ਇੰਟਰਵਿਊ ‘ਚ ਤਾਜ਼ੀਆਂ ਘਟਨਾਵਾਂ ਦਾ ਕੋਈ ਜ਼ਿਕਰ ਨਹੀਂ ਹੈ, ਜਿਸ ਤੋਂ ਲੱਗਦਾ ਹੈ ਕਿ ਇਹ ਇੰਟਰਵਿਊ ਪੁਰਾਣਾ ਹੈ। ਇੰਟਰਵਿਊ ਤੋਂ ਬਾਅਦ ਕਿਸੇ ਦੂਜੀ ਜੇਲ੍ਹ ਦਾ ਵੀ ਜ਼ਿਕਰ ਕੀਤਾ ਗਿਆ ਹੈ।

Leave a comment