ਮੁੰਬਈ ਪੁਲਿਸ ਵੱਲੋਂ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ
ਮੁੰਬਈ, 2 ਨਵੰਬਰ (ਪੰਜਾਬ ਮੇਲ)- ਭਾਰਤ ਸਰਕਾਰ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਗਤੀਵਿਧੀਆਂ ‘ਤੇ ਰੋਕ ਲਗਾਉਣ ‘ਚ ਲੱਗੀ ਹੋਈ ਹੈ। ਇਸ ਦੌਰਾਨ ਅਮਰੀਕੀ ਅਧਿਕਾਰੀਆਂ ਨੇ ਮੁੰਬਈ ਪੁਲਿਸ ਨੂੰ ਲਾਰੇਂਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੀ ਉਨ੍ਹਾਂ ਦੇ ਦੇਸ਼ ‘ਚ ਮੌਜੂਦਗੀ ਬਾਰੇ ਚੌਕਸ ਕਰ ਦਿੱਤਾ ਹੈ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਪਰਾਧ ਸ਼ਾਖਾ ਨੇ ਇਸ ਸਬੰਧ ਵਿਚ ਪਿਛਲੇ ਮਹੀਨੇ ਵਿਸ਼ੇਸ਼ ਅਦਾਲਤ ਵਿਚ ਪਹੁੰਚ ਕੀਤੀ ਸੀ। ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। 16 ਅਕਤੂਬਰ ਨੂੰ ਮੁੰਬਈ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਉਹ ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ ਵਿਚ ਅਨਮੋਲ ਦੀ ਹਵਾਲਗੀ ਸ਼ੁਰੂ ਕਰਨਾ ਚਾਹੁੰਦੀ ਹੈ।
ਲਾਰੇਂਸ ਬਿਸ਼ਨੋਈ ਦੇ ਜੇਲ੍ਹ ਵਿਚ ਹੋਣ ਕਾਰਨ, ਅਪ੍ਰੈਲ ਵਿਚ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਸਮੇਤ ਵੱਡੀਆਂ ਕਾਰਵਾਈਆਂ ਨੂੰ ਅਨਮੋਲ ਦੁਆਰਾ ਅੰਜਾਮ ਦੇਣ ਦਾ ਦੋਸ਼ ਹੈ। ਹਾਲ ਹੀ ‘ਚ ਐੱਨ.ਸੀ.ਪੀ. ਨੇਤਾ ਅਤੇ ਸਾਬਕਾ ਵਿਧਾਇਕ ਬਾਬਾ ਸਿੱਦੀਕੀ ਦੇ ਕਤਲ ‘ਚ ਵੀ ਅਨਮੋਲ ਦਾ ਨਾਂ ਸਾਹਮਣੇ ਆਇਆ ਸੀ। ਦੋਸ਼ ਸੀ ਕਿ ਅਨਮੋਲ ਨੇ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਨਾਲ ਗੱਲ ਕੀਤੀ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਅਨਮੋਲ ਦੀ ਪਛਾਣ ਸਲਮਾਨ ਖਾਨ ਦੀ ਚਾਰਜਸ਼ੀਟ ‘ਚ ਲੋੜੀਂਦੇ ਦੋਸ਼ੀ ਵਜੋਂ ਕੀਤੀ ਗਈ ਸੀ, ਜਿਸ ਤੋਂ ਬਾਅਦ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ ਕਿ ਅਨਮੋਲ ਬਿਸ਼ਨੋਈ ਨੂੰ ਫਿਲਹਾਲ ਅਮਰੀਕੀ ਅਧਿਕਾਰੀਆਂ ਦੁਆਰਾ ਹਿਰਾਸਤ ਵਿਚ ਲਿਆ ਗਿਆ ਹੈ, ਪਰ ਦੇਸ਼ ਵਿਚ ਉਸ ਦੇ ਸੰਭਾਵਿਤ ਟਿਕਾਣੇ ਦਾ ਪਤਾ ਲਗਾਇਆ ਜਾ ਸਕਦਾ ਹੈ। ਅਦਾਲਤ ਨੇ ਪੁਲਿਸ ਨੂੰ ਜ਼ਰੂਰੀ ਦਸਤਾਵੇਜ਼ ਤਿਆਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਦਸਤਾਵੇਜ਼ ਗ੍ਰਹਿ ਮੰਤਰਾਲੇ ਨੂੰ ਮੁਹੱਈਆ ਕਰਵਾਏ ਗਏ ਹਨ, ਜਿਸ ਤੋਂ ਬਾਅਦ ਵਿਦੇਸ਼ ਮੰਤਰਾਲਾ ਅਮਰੀਕੀ ਅਧਿਕਾਰੀਆਂ ਨਾਲ ਗੱਲ ਕਰੇਗਾ। ਜੇਕਰ ਹਵਾਲਗੀ ਪ੍ਰਕਿਰਿਆ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਉਸ ਦੀ ਹਿਰਾਸਤ ਹਾਸਲ ਕਰ ਲਵੇਗੀ।