ਲੁਧਿਆਣਾ, 8 ਦਸੰਬਰ (ਪੰਜਾਬ ਮੇਲ)- ਲੁਧਿਆਣਾ ਵਿਚ ਐਤਵਾਰ ਦੇਰ ਰਾਤ ਤੇਜ਼ ਰਫ਼ਤਾਰ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਕਰਕੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕੁਝ ਦੇ ਸਿਰ ਵਿਚ ਜਦੋਂਕਿ ਹੋਰਨਾਂ ਦੀ ਗਰਦਨ ਵਿਚ ਗੰਭੀਰ ਸੱਟਾਂ ਲੱਗੀਆਂ। ਮ੍ਰਿਤਕ ਦੇਹਾਂ ਨੂੰ ਤੜਕੇ ਇਕ ਵਜੇ ਦੇ ਕਰੀਬ ਦੋ ਐਂਬੂਲੈਂਸਾਂ ਵਿਚ ਸਿਵਲ ਹਸਪਤਾਲ ਲਿਆਂਦਾ ਗਿਆ। ਮ੍ਰਿਤਕਾਂ ਵਿਚ ਦੋ ਨਾਬਾਲਗ ਲੜਕੀਆਂ ਤੇ ਤਿੰਨ ਨੌਜਵਾਨ ਸ਼ਾਮਲ ਹਨ, ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਹ ਸਾਰੇ ਜਗਰਾਓਂ ਤੋਂ ਅੰਮ੍ਰਿਤਸਰ ਵੱਲ ਜਾ ਰਹੇ ਸਨ। ਹਾਦਸਾ ਐਤਵਾਰ ਰਾਤੀਂ ਲਾਡੋਵਾਲ ਟੌਲ ਪਲਾਜ਼ਾ ਨੇੜੇ ਹੋਇਆ।
ਰਿਪੋਰਟਾਂ ਅਨੁਸਾਰ ਹੁੰਡਈ ਵਰਨਾ ਕਾਰ (ਨੰ. PB10DH-4619) ਸਾਊਥ ਸਿਟੀ ਤੋਂ ਲਾਡੋਵਾਲ ਜਾ ਰਹੀ ਸੀ। ਤੇਜ਼ ਰਫ਼ਤਾਰ ਕਾਰਨ ਕਾਰ ਬੇਕਾਬੂ ਹੋ ਗਈ ਤੇ ਇੱਕ ਡਿਵਾਈਡਰ ਨਾਲ ਟਕਰਾਉਣ ਮਗਰੋਂ ਪਲਟ ਗਈ ਅਤੇ ਕਾਫ਼ੀ ਦੂਰੀ ਤੱਕ ਘਸੀਟਦੀ ਗਈ। ਹਾਦਸੇ ਵਿੱਚ ਪੰਜ ਲਾਸ਼ਾਂ ਬੁਰੀ ਤਰ੍ਹਾਂ ਵੱਢੀਆਂ ਟੁਕੀਆਂ ਗਈਆਂ। ਇੱਕ ਦੀ ਬਾਂਹ ਕੱਟੀ ਗਈ, ਜਦੋਂ ਕਿ ਦੂਜੇ ਦੀ ਲੱਤ ਕੱਟੀ ਗਈ।

