#PUNJAB

ਲਹਿੰਦੇ ਪੰਜਾਬ ਦੀ ਸੂਬਾਈ ਕੈਬਨਿਟ ਨੇ ਹਿੰਦੂ ਵਿਆਹ ਐਕਟ ਰਜਿਸਟ੍ਰੇਸ਼ਨ ਨਿਯਮਾਂ ਨੂੰ ਦਿੱਤੀ ਮਨਜ਼ੂਰੀ

ਸਿੱਖ ਮੈਰਿਜ ਐਕਟ ਲਾਗੂ ਹੋਣ ਦੇ 7 ਮਹੀਨੇ ਬਾਅਦ ਵੀ ਬਿੱਲ ਨਹੀਂ ਹੋ ਸਕਿਆ ਪਾਸ
ਅੰਮ੍ਰਿਤਸਰ, 16 ਜਨਵਰੀ (ਪੰਜਾਬ ਮੇਲ)- ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਪ੍ਰਧਾਨਗੀ ਹੇਠ ਲਾਹੌਰ ‘ਚ ਹੋਈ 22ਵੀਂ ਸੂਬਾਈ ਕੈਬਨਿਟ ਮੀਟਿੰਗ ‘ਚ ਪਹਿਲੇ ਪੰਜਾਬ ਹਿੰਦੂ ਵਿਆਹ ਐਕਟ, ਰਜਿਸਟ੍ਰੇਸ਼ਨ ਨਿਯਮਾਂ-2024 ਨੂੰ ਮਨਜ਼ੂਰੀ ਦਿੱਤੀ ਗਈ। ਹੁਣ ਇਸ ਨੂੰ ਨਿਆਂ ਤੇ ਕਾਨੂੰਨ ਮੰਤਰਾਲੇ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਲਹਿੰਦੇ ਪੰਜਾਬ ਦੇ ਹਿੰਦੂ ਆਪਣੇ ਵਿਆਹ ਰਜਿਸਟਰਡ ਕਰਵਾ ਸਕਣਗੇ। ਦੂਜੇ ਪਾਸੇ, 25 ਜੂਨ 2024 ਨੂੰ ਮਰੀਅਮ ਨਵਾਜ਼ ਦੀ ਕੈਬਨਿਟ ਵੱਲੋਂ ਸਿੱਖ ਮੈਰਿਜ ਐਕਟ ਨੂੰ ਪੰਜਾਬ ਸਿੱਖ ਆਨੰਦ ਕਾਰਜ ਮੈਰਿਜ ਰੂਲਜ਼-2024 ਅਧੀਨ ਮਨਜ਼ੂਰੀ ਦੇਣ ਦੇ ਬਾਵਜੂਦ ਸੂਬਾਈ ਨਿਆਂ ਤੇ ਕਾਨੂੰਨ ਮੰਤਰਾਲੇ ਤੋਂ ਮਨਜ਼ੂਰੀ ਨਾ ਮਿਲਣ ਕਰਕੇ ਇਹ ਬਿੱਲ ਅਜੇ ਤਕ ਪਾਸ ਨਹੀਂ ਹੋ ਸਕਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਲਹਿੰਦੇ ਪੰਜਾਬ ‘ਚ ਸਿੱਖ ਮੈਰਿਜ ਐਕਟ ਲਾਗੂ ਕਰਵਾਉਣ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਲਹਿੰਦੇ ਪੰਜਾਬ ਦੇ ਘੱਟ-ਗਿਣਤੀਆਂ ਬਾਰੇ ਸੂਬਾਈ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਸਾਲ 2017 ਤੋਂ ਸਿੱਖ ਮੈਰਿਜ ਐਕਟ ਬਿਲ ਲਾਗੂ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਸ੍ਰੀ ਨਨਕਾਣਾ ਸਾਹਿਬ ਤੋਂ ਫ਼ੋਨ ‘ਤੇ ਗੱਲਬਾਤ ਕਰਦਿਆਂ ਸਾਬਕਾ ਸੂਬਾਈ ਅਸੈਂਬਲੀ ਮੈਂਬਰ ਅਤੇ ਮਨੁੱਖੀ ਅਧਿਕਾਰਾਂ ਬਾਰੇ ਸੂਬਾਈ ਪਾਰਲੀਮਾਨੀ ਸਕੱਤਰ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਉਕਤ ਬਿੱਲ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਪਾਸ ਹੋ ਜਾਣਾ ਸੀ, ਪਰ ਸਿਆਸੀ ਅੜਚਣਾਂ ਕਾਰਨ ਬਿਲ ਪਾਸ ਹੋਣ ਦੇ ਬਾਵਜੂਦ ਸੂਬੇ ‘ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੀ ਹਕੂਮਤ ਵੇਲੇ ਇਸ ਨੂੰ ਲਾਗੂ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਸਾਫ਼ ਤੌਰ ‘ਤੇ ਕਿਹਾ ਕਿ ਲਹਿੰਦੇ ਪੰਜਾਬ ‘ਚ ਸਿੱਖ ਮੈਰਿਜ ਐਕਟ ਬਿੱਲ ਪਾਸ ਹੋ ਜਾਣ ਦੇ ਬਾਅਦ ਵੀ ਪਾਕਿ ਦੇ ਦੂਜੇ ਸੂਬਿਆਂ ‘ਚ ਰਹਿੰਦੇ ਸਿੱਖਾਂ ਨੂੰ ਇਸ ਦਾ ਕੋਈ ਲਾਭ ਨਹੀਂ ਹੋਵੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸੂਬਾ ਖ਼ੈਬਰ ਪਖਤੂਨਖਵਾ ਤੋਂ ਪਿਸ਼ਾਵਰੀ ਸਿੱਖ ਸੰਗਤ ਦੇ ਆਗੂ ਗੁਰਪਾਲ ਸਿੰਘ ਦੀ ਲੰਬੇ ਸਮੇਂ ਦੀ ਜੱਦੋ-ਜਹਿਦ ਤੋਂ ਬਾਅਦ ਖ਼ੈਬਰ ਪਖਤੂਨਖਵਾ ਸੂਬੇ ਦੇ ਸਥਾਨਕ ਸਰਕਾਰਾਂ ਅਤੇ ਪੇਂਡੂ ਵਿਕਾਸ ਵਿਭਾਗ ਵਲੋਂ ਉੱਥੋਂ ਦੀ ਯੂਨੀਅਨ ਕੌਂਸਲਾਂ ਨੂੰ ਸਿੱਖ ਵਿਆਹਾਂ ਲਈ ਅਧਿਕਾਰਤ ਤੌਰ ‘ਤੇ ‘ਸਿੱਖ ਮੈਰਿਜ ਸਰਟੀਫਿਕੇਟ’ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।