#EUROPE

ਲਗਾਤਾਰ 9ਵੀਂ ਵਾਰ ਫਿਨਲੈਂਡ ਨੇ ਦੁਨੀਆਂ ਦੇ ਸਭ ਤੋਂ ਖੁਸ਼ਹਾਲ ਦੇਸ਼ ਦਾ ਖਿਤਾਬ ਹਾਸਲ ਕੀਤਾ

– ਸੋਸ਼ਲ ਮੀਡੀਆ ਦੀ ਵਧਦੀ ਵਰਤੋਂ ਕਾਰਨ ਨੌਜਵਾਨਾਂ ਦੀ ਮਾਨਸਿਕ ਸਿਹਤ ‘ਚ ਗਿਰਾਵਟ
ਹੈਲਸਿੰਕੀ, 19 ਮਾਰਚ (ਪੰਜਾਬ ਮੇਲ)- ਵੀਰਵਾਰ ਨੂੰ ਜਾਰੀ ਕੀਤੀ ਗਈ ਵਰਲਡ ਹੈਪੀਨੈੱਸ ਰਿਪੋਰਟ 2026 ‘ਚ ਫਿਨਲੈਂਡ ਨੇ ਇੱਕ ਵਾਰ ਫਿਰ ਬਾਜ਼ੀ ਮਾਰਦਿਆਂ ਲਗਾਤਾਰ ਨੌਵੇਂ ਸਾਲ ਦੁਨੀਆਂ ਦੇ ਸਭ ਤੋਂ ਖੁਸ਼ਹਾਲ ਦੇਸ਼ ਦਾ ਖਿਤਾਬ ਹਾਸਲ ਕੀਤਾ ਹੈ। ਆਕਸਫੋਰਡ ਯੂਨੀਵਰਸਿਟੀ ਦੇ ‘ਵੈਲਬੀਇੰਗ ਰਿਸਰਚ ਸੈਂਟਰ’ ਵੱਲੋਂ ਤਿਆਰ ਕੀਤੀ ਇਸ ਸਾਲਾਨਾ ਰਿਪੋਰਟ ਵਿਚ ਆਈਸਲੈਂਡ, ਡੈਨਮਾਰਕ, ਸਵੀਡਨ ਅਤੇ ਨਾਰਵੇ ਵਰਗੇ ਨੌਰਡਿਕ ਦੇਸ਼ ਵੀ ਚੋਟੀ ਦੇ 10 ਸਥਾਨਾਂ ਵਿਚ ਸ਼ਾਮਲ ਹਨ। ਰਿਪੋਰਟ ਮੁਤਾਬਕ ਇਨ੍ਹਾਂ ਦੇਸ਼ਾਂ ਵਿਚ ਸਮਾਜਿਕ ਸੁਰੱਖਿਆ ਅਤੇ ਜੀਵਨ ਪੱਧਰ ਬਿਹਤਰ ਹੋਣ ਕਾਰਨ ਲੋਕ ਵਧੇਰੇ ਸੰਤੁਸ਼ਟ ਹਨ।
ਹਾਲਾਂਕਿ, ਇਸ ਰਿਪੋਰਟ ਵਿਚ ਨੌਜਵਾਨਾਂ ਦੀ ਮਾਨਸਿਕ ਸਥਿਤੀ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਗਈ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਪੱਛਮੀ ਯੂਰਪ ਦੇ ਦੇਸ਼ਾਂ ਵਿਚ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਖੁਸ਼ਹਾਲੀ ਵਿਚ ਭਾਰੀ ਗਿਰਾਵਟ ਆਈ ਹੈ। ਇਸ ਦਾ ਮੁੱਖ ਕਾਰਨ ਸੋਸ਼ਲ ਮੀਡੀਆ ‘ਤੇ ਬਿਤਾਇਆ ਜਾਣ ਵਾਲਾ ਲੰਬਾ ਸਮਾਂ ਮੰਨਿਆ ਜਾ ਰਿਹਾ ਹੈ।
ਮਾਹਿਰਾਂ ਅਨੁਸਾਰ, ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਖਾਸ ਕਰਕੇ ਕਿਸ਼ੋਰ ਕੁੜੀਆਂ ਦੀ ਮਾਨਸਿਕ ਸਿਹਤ ‘ਤੇ ਮਾਰੂ ਅਸਰ ਪਾ ਰਹੀ ਹੈ, ਜਿਸ ਕਾਰਨ ਪਿਛਲੇ ਇੱਕ ਦਹਾਕੇ ਵਿਚ ਉਨ੍ਹਾਂ ਦੇ ਜੀਵਨ ਦੇ ਮੁਲਾਂਕਣ ਵਿਚ ਨਿਰਾਸ਼ਾ ਦੇਖਣ ਨੂੰ ਮਿਲੀ ਹੈ।