#AMERICA

ਰੰਪ ਵੱਲੋਂ ਬਿਊਰੋ ਆਫ਼ ਲੇਬਰ ਸਟੈਟਿਸਟਿਕਸ ਦੇ ਆਲੋਚਕ ਰਹੇ ਐਂਟਨੀ ਨਵੇਂ ਕਮਿਸ਼ਨਰ ਵਜੋਂ ਨਾਮਜ਼ਦ

ਵਾਸ਼ਿੰਗਟਨ, 12 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈ.ਜੇ. ਐਂਟਨੀ ਨੂੰ ਬਿਊਰੋ ਆਫ਼ ਲੇਬਰ ਸਟੈਟਿਸਟਿਕਸ ਦੇ ਨਵੇਂ ਕਮਿਸ਼ਨਰ ਵਜੋਂ ਨਾਮਜ਼ਦ ਕੀਤਾ ਹੈ। ਦੱਸਣਯੋਗ ਹੈ ਕਿ ਇਹ ਏਜੰਸੀ ਨੌਕਰੀਆਂ ਅਤੇ ਮਹਿੰਗਾਈ ਬਾਰੇ ਡੇਟਾ ਇਕੱਠਾ ਕਰਦੀ ਹੈ ਅਤੇ ਪ੍ਰਕਾਸ਼ਿਤ ਕਰਦੀ ਹੈ। ਈ.ਜੇ. ਐਂਟਨੀ ਏਰਿਕਾ ਮੈਕਐਂਟਾਫਰ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਨੇ ਹਾਲ ਹੀ ਵਿਚ ਬਿਨਾਂ ਕਿਸੇ ਸਬੂਤ ਦੇ ਨੌਕਰੀਆਂ ਦੇ ਡੇਟਾ ਵਿਚ ਹੇਰਾਫੇਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਬਰਖਾਸਤ ਕਰ ਦਿੱਤਾ ਸੀ।
ਟਰੰਪ ਨੇ ਸੋਮਵਾਰ ਨੂੰ ਇੱਕ ਟਰੂਥ ਸੋਸ਼ਲ ਪੋਸਟ ਵਿਚ ਲਿਖਿਆ, ‘ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਬਹੁਤ ਹੀ ਸਤਿਕਾਰਤ ਅਰਥਸ਼ਾਸਤਰੀ ਡਾ. ਈ.ਜੇ. ਐਂਟਨੀ ਨੂੰ ਬਿਊਰੋ ਆਫ਼ ਲੇਬਰ ਸਟੈਟਿਸਟਿਕਸ ਦੇ ਅਗਲੇ ਕਮਿਸ਼ਨਰ ਵਜੋਂ ਨਾਮਜ਼ਦ ਕਰ ਰਿਹਾ ਹਾਂ।’ ਹਾਲ ਹੀ ਦੇ ਸਾਲਾਂ ਵਿਚ ਐਂਟਨੀ ਨੇ ਦੋ ਰੂੜੀਵਾਦੀ ਥਿੰਕ ਟੈਂਕਾਂ, ਟੈਕਸਾਸ ਪਬਲਿਕ ਪਾਲਿਸੀ ਫਾਊਂਡੇਸ਼ਨ ਅਤੇ ਹੈਰੀਟੇਜ ਫਾਊਂਡੇਸ਼ਨ ਵਿਚ ਇੱਕ ਅਰਥਸ਼ਾਸਤਰੀ ਵਜੋਂ ਕੰਮ ਕੀਤਾ ਹੈ। ਰਿਪੋਰਟ ਅਨੁਸਾਰ, ਉਹ ਪਿਛਲੇ ਸਮੇਂ ਵਿਚ ਬੀ.ਐੱਲ.ਐੱਸ. ਅਤੇ ਡੇਟਾ ਇਕੱਠਾ ਕਰਨ ਦੇ ਇਸਦੇ ਪਹੁੰਚ ਦੇ ਇੱਕ ਖੁੱਲ੍ਹੇ ਆਲੋਚਕ ਰਹੇ ਹਨ।