#AMERICA

ਰੰਪ ’ਤੇ ਹਮਲਾ ‘ਲੋਨ ਵੁਲਫ ਅਟੈਕ’ : FBI

ਮਿਲਵਾਉਕੀ (ਅਮਰੀਕਾ), 16 ਜੁਲਾਈ (ਪੰਜਾਬ ਮੇਲ)- ਅਮਰੀਕਾ ’ਚ ਸੰਘੀ ਜਾਂਚ ਬਿਊਰੋ (ਐੱਫ. ਬੀ. ਆਈ.) ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੈਨਸਿਲਵੇਨੀਆ ਵਿਚ ਇਕ ਚੋਣ ਰੈਲੀ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਗੋਲੀ ਚਲਾਉਣ ਵਾਲੇ ਨੌਜਵਾਨ ਨੇ ਇਕੱਲੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ। ਐੱਫ. ਬੀ. ਆਈ. ਇਸ ਘਟਨਾ ਦੀ ਜਾਂਚ ‘ਘਰੇਲੂ ਅੱਤਵਾਦ’ ਦੇ ਪਹਿਲੂ ਵਜੋਂ ਵੀ ਕਰ ਰਹੀ ਹੈ। ਬੰਦੂਕਧਾਰੀ ਦੀ ਪਛਾਣ ਥਾਮਸ ਮੈਥਿਊ ਕਰੂਕਸ (20) ਵਜੋਂ ਹੋਈ ਹੈ। ਐੱਫ. ਬੀ. ਆਈ. ਦਾ ਕਹਿਣਾ ਹੈ ਕਿ ਇਹ ‘ਲੋਨ ਵੁਲਫ ਅਟੈਕ’ (ਲੁੱਕ ਕੇ ਵਾਰ ਕਰਨ) ਵਾਂਗ ਹੈ।

ਐੱਫ. ਬੀ. ਆਈ. ਦੀ ਰਾਸ਼ਟਰੀ ਸੁਰੱਖਿਆ ਡਿਵੀਜ਼ਨ ਦੇ ਕਾਰਜਕਾਰੀ ਸਹਾਇਕ ਨਿਰਦੇਸ਼ਕ ਰਾਬਰਟ ਵੇਲਜ਼ ਨੇ ਕਿਹਾ ਕਿ ਜਾਂਚ ’ਚ ਇਸ ਪੜਾਅ ਨਾਲ ਇਹ ਜਾਪਦਾ ਹੈ ਕਿ ਉਸਨੇ ਇਕੱਲੇ ਘਟਨਾ ਨੂੰ ਅੰਜਾਮ ਦਿੱਤਾ। ਪੈਨਸਿਲਵੇਨੀਆ ’ਚ ਇਕ ਰੈਲੀ ਦੌਰਾਨ ਸ਼ਨੀਵਾਰ ਨੂੰ ਟਰੰਪ ਦੇ ਸੱਜੇ ਕੰਨ ਉੱਪਰ ਗੋਲੀ ਲੱਗੀ ਸੀ। ਉਹ ਹੁਣ ਠੀਕ ਹੈ ਅਤੇ ਉਨ੍ਹਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਐੱਫ. ਬੀ. ਆਈ. ਡਾਇਰੈਕਟਰ ਕ੍ਰਿਸਟੋਫਰ ਵੇਅ ਨੇ ਕਿਹਾ ਕਿ ਹਮਲਾਵਰ ਬੇਸ਼ੱਕ ਮਾਰਿਆ ਗਿਆ ਹੈ ਪਰ ਜਾਂਚ ਜਾਰੀ ਹੈ।ਐੱਫ. ਬੀ. ਆਈ. ਰਿਪੋਰਟ ਮੁਤਾਬਕ ਹਮਲਾਵਰ ਨੇ 5.56 ਐੱਮ. ਐੱਮ. ਦੀ ਏ. ਆਰ.-ਸ਼ੈਲੀ ਦੀ ਰਾਈਫਲ ਦੀ ਵਰਤੋਂ ਕੀਤੀ। ਕਰੂਕਸ ਨੇ 2 ਮਹੀਨੇ ਪਹਿਲਾਂ ਐਲੀਗਨੀ ਕਾਊਂਟੀ ਦੇ ਕਮਿਊਨਿਟੀ ਕਾਲਜ ਤੋਂ ਇੰਜੀਨੀਅਰਿੰਗ ਵਿਗਿਆਨ ਵਿਚ ਐਸੋਸੀਏਟ ਦੀ ਡਿਗਰੀ ਦੇ ਨਾਲ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਸੀ।