ਫਰਿਜ਼ਨੋ, 11 ਦਸੰਬਰ (ਪੰਜਾਬ ਮੇਲ)- ਕਰਮਨ ਦੇ ‘ਰੋਟਰੀ ਕਲੱਬ ਕਰਮਨ’ ਪਿਛਲੇ ਲੰਮੇ ਅਰਸੇ ਤੋਂ ਸਥਾਨਕ ਸੱਭਿਆਚਾਰਕ ਗਤੀਵਿਧੀਆਂ ਅਤੇ ਸਥਾਨਕ ਵਪਾਰਕ ਅਦਾਰਿਆਂ ਲਈ ਸਹਿਯੋਗੀ ਬਣ ਅੱਗੇ ਵੱਧ ਰਿਹਾ। ਇਸ ਸੰਸਥਾ ਦੁਆਰਾ ਕਰਮਨ ਸ਼ਹਿਰ ਵਿਚ ਹਰ ਸਾਲ ਖੇਤੀਬਾੜੀ ਦੀ ਕਟਾਈ ਅਤੇ ਝੜਾਈ ਖਤਮ ਹੋਣ ‘ਤੇ ਸਾਲਾਨਾ ਕਰਮਨ ਹਾਰਵੈਸਟਰ ਫੈਸਟੀਵਲ, ਕ੍ਰਿਸਮਿਸ ਪਰੇਡ ਅਤੇ ਹੋਰ ਬਹੁਤ ਸਾਰੇ ਕਾਰਜ ਕੀਤੇ ਜਾਂਦੇ ਹਨ। ਇਸੇ ਮੇਲੇ ਵਿਚ ਪਿਛਲੇ ਦੋ ਸਾਲਾਂ ਤੋਂ ਕਿਰਨਜੋਤ ਕੌਰ ਢੇਸੀ ਦੇ ਉੱਦਮ ਅਤੇ ਗੁਲਬਿੰਦਰ ਗੈਰੀ ਢੇਸੀ ਦੀ ਪੂਰੀ ‘ਪੰਜਾਬੀ ਸਿੱਖ ਕਮਿਊਨਟੀ’ ਦੀ ਟੀਮ ਦੇ ਸਹਿਯੋਗ ਸਦਕਾ ਹਾਰਵੈਸਟ ਫਿਸਟੀਵਲ ਵਿਚ ਪੰਜਾਬੀ ਸੱਭਿਆਚਾਰਕ ਵਿਰਸੇ ਦੀ ਸਟੇਜ ਵੀ ਲੱਗਦੀ ਹੈ। ਜਿਸ ਵਿਚ ਰੋਟਰੀ ਕਲੱਬ ਕਰਮਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਅਗਲੇ ਸਾਲ ਰੋਟਰੀ ਕਲੱਬ ਦੇ ਸਹਿਯੋਗ ਨਾਲ ਕਰਮਨ ਵਿਚ ਵਿਸਾਖੀ ਮੇਲਾ ਵੀ ਵੱਡੇ ਪੱਧਰ ‘ਤੇ ਕਰਵਾਇਆ ਜਾਵੇਗਾ।
ਬੀਤੇ ਦਿਨੀਂ ਰੋਟਰੀ ਕਲੱਬ ਕਰਮਨ ਵੱਲੋਂ ਆਪਣੇ 67 ਸਾਲ ਪੂਰੇ ਹੋਣ ‘ਤੇ ਕੇਕ ਕੱਟਿਆ ਗਿਆ ਅਤੇ ਸਾਲਾਨਾ ਕ੍ਰਿਸਮਿਸ ਡਿਨਰ ਪਾਰਟੀ ਕੀਤੀ ਗਈ। ਇਸ ਸਮੇਂ ਰੋਟਰੀ ਕਲੱਬ ਦੇ ਸਮੂਹ ਮੈਂਬਰਾਂ ਨੇ ਪਹੁੰਚ ਕੇ ਜਿੱਥੇ ਸੁਆਦਿਸ਼ਟ ਖਾਣਿਆਂ ਦਾ ਅਨੰਦ ਮਾਣਿਆ, ਉੱਥੇ ਆਪਸੀ ਪਿਆਰਾ ਦੀ ਸਾਂਝ ਪਾਉਂਦੇ ਹੋਏ ਤੋਹਫੇ ਵੀ ਬਦਲੇ ਗਏ। ਇਸ ਸਮੇਂ ਬੋਲਦੇ ਹੋਏ ਰੋਟਰੀ ਕਲੱਬ ਦੀ ਮੁੱਖ ਮੈਂਬਰ ਵੈਰੋਣੀਕਾ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਸਾਰੇ ਪ੍ਰਬੰਧਾਂ ਲਈ ਸਮੂਹ ਹਾਜ਼ਰੀਨ ਵਧਾਈ ਦੇ ਪਾਤਰ ਹਨ।