ਟੋਰਾਂਟੋ, 20 ਅਗਸਤ (ਪੰਜਾਬ ਮੇਲ)- ਰੋਜ਼ਾਨਾ ਪੰਜਾਬੀ ਜਾਗਰਣ ਦੇ ਮੁੱਖ ਸੰਪਾਦਕ ਵਰਿੰਦਰ ਸਿੰਘ ਵਾਲੀਆ ਅੱਜਕੱਲ੍ਹ ਕੈਨੇਡਾ ਦੌਰੇ ‘ਤੇ ਹਨ। ਡਾ. ਦਲਬੀਰ ਸਿੰਘ ਕਥੂਰੀਆ ਦੇ ਸੱਦੇ ‘ਤੇ ਉਹ ਵਿਸ਼ਵ ਪੰਜਾਬੀ ਭਵਨ ਬਰੈਂਪਟਨ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਨੇ ਡਾ. ਵਰਿੰਦਰ ਸਿੰਘ ਵਾਲੀਆ ਦੀ ਪੰਜਾਬੀ ਬੋਲੀ ਅਤੇ ਪੱਤਰਕਾਰੀ ਦੇ ਖੇਤਰ ਵਿਚ ਪਾਏ ਯੋਗਦਾਨ ਬਾਰੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਡਾ. ਦਲਬੀਰ ਸਿੰਘ ਕਥੂਰੀਆ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਰਿੰਦਰ ਸਿੰਘ ਵਾਲੀਆ ਨੇ ਆਪਣਾ ਸਾਰਾ ਜੀਵਨ ਪੱਤਰਕਾਰੀ ਲਈ ਨੌਛਾਵਰ ਕਰ ਦਿੱਤਾ ਹੈ ਅਤੇ ਆਪਣੇ ਬਲਬੂਤੇ ‘ਤੇ ਅੱਜ ਭਾਰਤ ਦੀ ਵੱਡੀ ਅਖਬਾਰ ਪੰਜਾਬੀ ਜਾਗਰਣ ਦੇ ਮੁੱਖ ਸੰਪਾਦਕ ਵਜੋਂ ਸੇਵਾ ਨਿਭਾ ਰਹੇ ਹਨ।
ਜ਼ਿਕਰਯੋਗ ਹੈ ਕਿ ਵਰਿੰਦਰ ਸਿੰਘ ਵਾਲੀਆ ਨੇ ਜਿੱਥੇ ਪੱਤਰਕਾਰੀ ਵਿਚ ਨਾਮਣਾ ਖੱਟਿਆ ਹੈ, ਉਥੇ ਉਨ੍ਹਾਂ ਨੇ ਅੰਮ੍ਰਿਤਸਰ ਬਾਰੇ ਇਕ ਇਤਿਹਾਸਕ ਕਿਤਾਬ ਵੀ ਲਿਖੀ ਹੈ, ਜਿਸ ਵਿਚ ਬੜੀ ਵੱਡਮੁੱਲੀ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਬੋਲਦਿਆਂ ਵਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚ ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਲਈ ਬੜੇ ਵੱਡਮੁੱਲੇ ਯਤਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬੀ ਪੂਰੇ ਵਿਸ਼ਵ ਵਿਚ ਫੈਲ ਚੁੱਕੇ ਹਨ, ਜਿੱਥੇ ਉਹ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਆਪੋ-ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ, ਜੋ ਕਿ ਵਧਾਈ ਦੇ ਹੱਕਦਾਰ ਹਨ। ਉਨ੍ਹਾਂ ਅਪੀਲ ਕੀਤੀ ਕਿ ਆਪਣੀ ਆਉਣ ਵਾਲੀ ਨਸਲ ਨੂੰ ਜ਼ਰੂਰ ਆਪਣੀ ਮਾਂ ਬੋਲੀ ਨਾਲ ਜੋੜ ਕੇ ਰੱਖਣ, ਤਾਂ ਕਿ ਦੇਸ਼ਾਂ-ਵਿਦੇਸ਼ਾਂ ਵਿਚ ਇਹ ਬੋਲੀ ਜਿਊਂਦੀ ਰਹਿ ਸਕੇ।
ਰੋਜ਼ਾਨਾ ਪੰਜਾਬੀ ਜਾਗਰਣ ਦੇ ਮੁੱਖ ਸੰਪਾਦਕ ਕੈਨੇਡਾ ਦੌਰੇ ‘ਤੇ
