ਵਾਸ਼ਿੰਗਟਨ, 8 ਸਤੰਬਰ (ਪੰਜਾਬ ਮੇਲ)- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਭਾਰਤ ਦਾ ਨਾਮ ਲਏ ਬਿਨਾਂ ਕਿਹਾ ਹੈ ਕਿ ਰੂਸ ਨਾਲ ਡੀਲ ਕਰਨ ਵਾਲੇ ਦੇਸ਼ਾਂ ‘ਤੇ ਟੈਰਿਫ ਲਗਾਉਣਾ ”ਸਹੀ ਵਿਚਾਰ” ਹੈ। ਜ਼ੇਲੇਂਸਕੀ ਨੇ ਇੱਕ ਇੰਟਰਵਿਊ ਵਿਚ ਕਿਹਾ, ”ਮੈਨੂੰ ਲੱਗਦਾ ਹੈ ਕਿ ਰੂਸ ਨਾਲ ਡੀਲ ਕਰਨ ਵਾਲੇ ਦੇਸ਼ਾਂ ‘ਤੇ ਟੈਰਿਫ ਲਗਾਉਣਾ ਸਹੀ ਵਿਚਾਰ ਹੈ।”
ਜ਼ੇਲੇਂਸਕੀ ਤੋਂ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਤਿਆਨਜਿਨ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਪਾਬੰਦੀਆਂ ਲਗਾਉਣ ਦੀ ਉਨ੍ਹਾਂ ਦੀ ਯੋਜਨਾ ਉਲਟ ਗਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਸਾਮਾਨਾਂ ‘ਤੇ ਟੈਰਿਫ ਨੂੰ ਦੁੱਗਣਾ ਕਰਕੇ 50 ਪ੍ਰਤੀਸ਼ਤ ਕਰ ਦਿੱਤਾ ਹੈ, ਜਿਸ ਵਿਚ ਭਾਰਤ ਵੱਲੋਂ ਰੂਸੀ ਕੱਚੇ ਤੇਲ ਦੀ ਖਰੀਦ ‘ਤੇ 25 ਪ੍ਰਤੀਸ਼ਤ ਵਾਧੂ ਡਿਊਟੀ ਵੀ ਸ਼ਾਮਲ ਹੈ। ਭਾਰਤ ਨੇ ਅਮਰੀਕੀ ਕਾਰਵਾਈ ਨੂੰ ”ਗੈਰ-ਵਾਜਬ” ਕਰਾਰ ਦਿੱਤਾ ਹੈ।
ਤਿਆਨਜਿਨ ਵਿਚ ਐੱਸ.ਸੀ.ਓ. ਸੰਮੇਲਨ ਤੋਂ ਇਲਾਵਾ ਮੋਦੀ ਦੀ ਪੁਤਿਨ ਨਾਲ ਮੁਲਾਕਾਤ ਤੋਂ ਦੋ ਦਿਨ ਪਹਿਲਾਂ, ਜ਼ੇਲੇਂਸਕੀ ਨੇ 30 ਅਗਸਤ ਨੂੰ ਭਾਰਤੀ ਪ੍ਰਧਾਨ ਮੰਤਰੀ ਨੂੰ ਫ਼ੋਨ ਕੀਤਾ ਸੀ। ਉਨ੍ਹਾਂ ਨੇ ਰੂਸ ਦੀ ਚੋਟੀ ਦੀ ਲੀਡਰਸ਼ਿਪ ਨੂੰ ਮਿਲਣ ਦੀ ਆਪਣੀ ਉਤਸੁਕਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਲੜਾਈ ਤੁਰੰਤ ਜੰਗਬੰਦੀ ਨਾਲ ਖਤਮ ਹੋਣੀ ਚਾਹੀਦੀ ਹੈ। ਫ਼ੋਨ ‘ਤੇ ਗੱਲਬਾਤ ਤੋਂ ਬਾਅਦ, ਭਾਰਤ ਵੱਲੋਂ ਜਾਰੀ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਮੋਦੀ ਨੇ ਰੂਸ-ਯੂਕਰੇਨ ਟਕਰਾਅ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ”ਦ੍ਰਿੜ੍ਹ ਅਤੇ ਇਕਸਾਰ ਰੁਖ਼” ਅਤੇ ਜਲਦੀ ਹੀ ਸ਼ਾਂਤੀ ਬਹਾਲ ਕਰਨ ਦੇ ਯਤਨਾਂ ਦਾ ਸਮਰਥਨ ਦੁਹਰਾਇਆ।
ਰੂਸ ਨਾਲ ਡੀਲ ਕਰਨ ਵਾਲੇ ਦੇਸ਼ਾਂ ‘ਤੇ ਟੈਰਿਫ ਲਾਉਣਾ ਸਹੀ ਵਿਚਾਰ : ਜੇਲੇਂਸਕੀ
