#EUROPE

ਰੂਸ ਤੇ ਚੀਨ ਨੇ ਦੁਵੱਲੇ ਵਪਾਰ ‘ਚ Dollar ਦੀ ਵਰਤੋਂ ਕੀਤੀ ਬੰਦ

-ਦੋਵਾਂ ਦੇਸ਼ਾਂ ਵਿਚਾਲੇ 90 ਫ਼ੀਸਦੀ ਵਪਾਰ ਸਥਾਨਕ ਕਰੰਸੀ ਰਾਹੀਂ ਹੋ ਰਿਹੈ
ਮਾਸਕੋ, 24 ਅਪ੍ਰੈਲ (ਪੰਜਾਬ ਮੇਲ)- ਰੂਸ ਅਤੇ ਚੀਨ ਨੇ ਦੁਵੱਲੇ ਵਪਾਰ ਵਿਚ ਡਾਲਰ ਦੀ ਵਰਤੋਂ ਬੰਦ ਕਰ ਦਿੱਤੀ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਰੂਸ ਦੇ ਖੇਤਰੀ ਮੁਖੀਆਂ ਦੀ ਬੈਠਕ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਲਾਵਰੋਵ ਨੇ ਕਿਹਾ ਕਿ ਦੋਵੇਂ ਦੇਸ਼ ਆਪਸੀ ਵਪਾਰ ਵਿਚ ਸਥਾਨਕ ਕਰੰਸੀ ਦੀ ਵਰਤੋਂ ਕਰ ਰਹੇ ਹਨ। ਪੱਛਮੀ ਦੇਸ਼ਾਂ ਵੱਲੋਂ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ‘ਚ ਰੁਕਾਵਟਾਂ ਪੈਦਾ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਰੂਸ ਅਤੇ ਚੀਨ ਵਿਚਾਲੇ ਆਰਥਿਕ ਸਬੰਧਾਂ ਵਿਚ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਦੋਵਾਂ ਦੇਸ਼ਾਂ ਵਿਚਾਲੇ ਹੋ ਰਹੇ ਕੁੱਲ ਵਪਾਰ ‘ਚ 90 ਫ਼ੀਸਦੀ ਵਪਾਰ ਸਥਾਨਕ ਕਰੰਸੀ ਰਾਹੀਂ ਕੀਤਾ ਜਾ ਰਿਹਾ ਹੈ।
ਇਸ ਆਪਸੀ ਸਹਿਯੋਗ ਦਾ ਸਿੱਧਾ ਲਾਭ ਰੂਸ ਅਤੇ ਚੀਨ ਦੀ ਤਰਜ਼ ‘ਤੇ ਬਣੇ ਮਾਹੌਲ ਦੇ ਰੂਪ ‘ਚ ਵੇਖਣ ਨੂੰ ਮਿਲ ਰਿਹਾ ਹੈ। ਪੱਛਮੀ ਦੇਸ਼ਾਂ ਦੁਆਰਾ ਰੂਸ ‘ਤੇ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਦੇ ਵਿਚਕਾਰ ਚੀਨ ਅਤੇ ਰੂਸ ਆਪਣਾ ਸੋਨੇ ਦਾ ਭੰਡਾਰ ਵਧਾਉਣ ‘ਤੇ ਕੰਮ ਕਰ ਰਹੇ ਹਨ।
ਚੀਨ ਦੁਨੀਆਂ ਵਿਚ ਸੋਨੇ ਦਾ ਸਭ ਤੋਂ ਵੱਡਾ ਉਤਪਾਦਕ ਹੈ। ਇਸ ਦੇ ਬਾਵਜੂਦ ਚੀਨ ਨੇ 2022 ਵਿਚ 67.6 ਅਰਬ ਡਾਲਰ ਦੇ ਸੋਨੇ ਦੀ ਖਰੀਦ ਕੀਤੀ ਹੈ। ਇਹ 2022 ‘ਚ ਦੁਨੀਆਂ ਦੇ ਸੋਨੇ ਦੀ ਦੂਜੀ ਸਭ ਤੋਂ ਵੱਡੀ ਖਰੀਦ ਹੈ, ਜਦਕਿ ਸਵਿਟਜ਼ਰਲੈਂਡ 94.9 ਅਰਬ ਡਾਲਰ ਦੇ ਸੋਨੇ ਦੀ ਖਰੀਦ ਦੇ ਨਾਲ ਪਹਿਲੇ ਨੰਬਰ ‘ਤੇ ਰਿਹਾ। ਵਰਲਡ ਗੋਲਡ ਕਾਉਂਸਿਲ ਦੇ ਅੰਕੜਿਆ ਅਨੁਸਾਨ ਰੂਸ ਨੇ 2023 ਵਿਚ 324.7 ਟਨ ਸੋਨੇ ਦਾ ਉਤਪਾਦਨ ਕੀਤਾ ਹੈ, ਜਦਕਿ ਚੀਨ 374 ਟਨ ਸੋਨੇ ਦੇ ਉਤਪਾਦਨ ਨਾਲ ਪਹਿਲੇ ਨੰਬਰ ‘ਤੇ ਹੈ। ਰੂਸ ਦਾ ਟੀਚਾ ਹਰ ਸਾਲ ਸੋਨੇ ਦਾ ਉਤਪਾਦਨ ਚਾਰ ਫ਼ੀਸਦੀ ਵਧਾਉਣ ਦਾ ਵੀ ਹੈ।
ਦਰਅਸਲ, ਪੱਛਮੀ ਦੁਨੀਆਂ ਦੁਆਰਾ ਰੂਸ ‘ਤੇ ਲਗਾਈਆਂ ਆਰਥਿਕ ਪਾਬੰਦੀਆਂ ਦੇ ਬਾਵਜੂਦ ਰੂਸ ਦੀ ਆਰਥਿਕਤਾ 2023 ਵਿਚ 3.6 ਫ਼ੀਸਦੀ ਦੀ ਦਰ ਨਾਲ ਵਧੀ ਹੈ ਅਤੇ 2024 ਵਿਚ ਇਸ ਦੇ 2.6 ਫ਼ੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ। ਰੂਸ 2013 ਤੋਂ ਹੀ ਪੱਛਮੀ ਦੁਨੀਆ ਵੱਲੋਂ ਉਸ ‘ਤੇ ਲਗਾਏ ਜਾਣ ਵਾਲੀਆਂ ਆਰਥਿਕ ਪਾਬੰਦੀਆਂ ਲਾਉਣ ਦੀ ਤਿਆਰੀ ਕਰ ਰਿਹਾ ਸੀ। ਅਜਿਹੇ ‘ਚ ਜਦੋਂ ਯੂਰਪ ਨੇ ਰੂਸ ‘ਤੇ ਆਰਥਿਕ ਪਾਬੰਦੀਆਂ ਲਗਾਈਆਂ ਤਾਂ ਆਪਣੀ ਕਰੰਸੀ ਰੂਬਲ ਨੂੰ ਡਿੱਗਣ ਤੋਂ ਬਚਾਉਣ ਲਈ ਉਸ ਨੇ 2022 ਵਿਚ ਇਕ ਔਂਸ ਸੋਨੇ ਦੀ ਕੀਮਤ 5 ਹਜ਼ਾਰ ਰੂਬਲ ਤੈਅ ਕਰ ਦਿੱਤੀ, ਜਿਸ ਨਾਲ ਰੂਸੀ ਮੁਦਰਾ ਵਿਚ ਗਿਰਾਵਟ ਰੁੱਕ ਗਈ।