#INDIA

ਰੂਸੀ ਫੌਜ ‘ਚ ਭਰਤੀ 10 ਭਾਰਤੀ ਰਿਹਾਅ, ਮੁਲਕ ਭੇਜੇ

ਨਵੀਂ ਦਿੱਲੀ, 22 ਜੂਨ (ਪੰਜਾਬ ਮੇਲ)- ਰੂਸ-ਯੂਕਰੇਨ ਜੰਗ ਦਰਮਿਆਨ ਰੂਸੀ ਫੌਜ ‘ਚ ਭਰਤੀ ਕੀਤੇ 10 ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰਨ ਮਗਰੋਂ ਵਾਪਸ ਭਾਰਤ ਭੇਜ ਦਿੱਤਾ ਗਿਆ ਹੈ। ਇਹ ਦਾਅਵਾ ਭਾਰਤੀ ਵਿਦੇਸ਼ ਮੰਤਰਾਲੇ ਨੇ ਕੀਤਾ ਹੈ। ਸਰਕਾਰ ਨੇ 11 ਜੂਨ ਨੂੰ ਕਿਹਾ ਸੀ ਕਿ ਦੋ ਭਾਰਤੀ ਨਾਗਰਿਕ, ਜਿਨ੍ਹਾਂ ਨੂੰ ਜਬਰੀ ਰੂਸੀ ਫੌਜ ਵਿਚ ਭਰਤੀ ਕਰਕੇ ਯੂਕਰੇਨ ਨਾਲ ਲੱਗਦੀ ਸਰਹੱਦ ‘ਤੇ ਜੰਗੀ ਮੋਰਚਿਆਂ ‘ਤੇ ਭੇਜਿਆ ਗਿਆ ਸੀ, ਦੀ ਮੌਤ ਹੋ ਗਈ ਸੀ। ਨਵੀਂ ਦਿੱਲੀ ਨੇ ਉਦੋਂ ਰੂਸੀ ਰਾਜਦੂਤ ਕੋਲ ਇਹ ਮਸਲਾ ਜ਼ੋਰਦਾਰ ਢੰਗ ਨਾਲ ਰੱਖਦਿਆਂ ਰੂਸੀ ਫੌਜ ‘ਚ ਭਰਤੀ ਕੀਤੇ ਸਾਰੇ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਸੀ। ਨਵੀਂ ਦਿੱਲੀ ਨੇ ਰੂਸ ‘ਚ ਰੁਜ਼ਗਾਰ ਦੇ ਮੌਕਿਆਂ ਦੀ ਭਾਲ ਕਰ ਰਹੇ ਆਪਣੇ ਨਾਗਰਿਕਾਂ ਨੂੰ ਵਧੇਰੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਅਸੀਂ ਨਵੀਂ ਦਿੱਲੀ ਤੇ ਮਾਸਕੋ ਵਿਚ ਰੂਸੀ ਅਥਾਰਿਟੀਜ਼ ਦੇ ਸੰਪਰਕ ਵਿਚ ਸੀ, ਤਾਂ ਕਿ ਰੂਸੀ ਫੌਜ ਲਈ ਕੰਮ ਕਰ ਰਹੇ ਭਾਰਤੀਆਂ ਨੂੰ ਰਿਹਾਅ ਕਰਵਾ ਕੇ ਜਲਦੀ ਤੋਂ ਜਲਦੀ ਵਾਪਸ ਭਾਰਤ ਲਿਆਂਦਾ ਜਾ ਸਕੇ।” ਉਨ੍ਹਾਂ ਕਿਹਾ, ”ਹੁਣ ਤੱਕ 20 ਤੋਂ 25 ਵਿਅਕਤੀਆਂ ਨੇ ਸਾਡੇ ਨਾਲ ਰਾਬਤਾ ਕੀਤਾ ਸੀ, ਜੋ ਰਿਹਾਅ ਹੋਣਾ ਚਾਹੁੰਦੇ ਹਨ। ਇਨ੍ਹਾਂ ਵਿਚੋਂ 10 ਵਿਅਕਤੀਆਂ ਨੂੰ ਰਿਹਾਅ ਕਰ ਕੇ ਵਾਪਸ ਭਾਰਤ ਭੇਜ ਦਿੱਤਾ ਗਿਆ ਹੈ। ਅਸੀਂ ਉਨ੍ਹਾਂ ਦੋ ਵਿਅਕਤੀਆਂ, ਜਿਨ੍ਹਾਂ ਦੀ ਪਿੱਛੇ ਜਿਹੇ ਜੰਗ ਦੇ ਮੈਦਾਨ ਵਿਚ ਮੌਤ ਹੋ ਗਈ ਸੀ, ਦੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿਚ ਹਾਂ। ਅਸੀਂ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਵਾਪਸ ਲਿਆਉਣ ਲਈ ਰੂਸੀ ਰੱਖਿਆ ਤੇ ਵਿਦੇਸ਼ ਮੰਤਰਾਲਿਆਂ ਨਾਲ ਵੀ ਰਾਬਤਾ ਬਣਾਇਆ ਹੋਇਆ ਹੈ।” ਜੈਸਵਾਲ ਨੇ ਕਿਹਾ ਕਿ ਭਾਰਤ ਨੇ ਮੰਗ ਕੀਤੀ ਹੈ ਕਿ ਰੂਸੀ ਫੌਜ ਵਿਚ ਅੱਗੋਂ ਹੁਣ ਉਸ ਦੇ ਕਿਸੇ ਹੋਰ ਨਾਗਰਿਕ ਦੀ ਭਰਤੀ ਨਾ ਕੀਤੀ ਜਾਵੇ।