– ਜਵਾਬੀ ਕਾਰਵਾਈ ਦੀ ਦਿੱਤੀ ਚੇਤਾਵਨੀ
– ਅਮਰੀਕਾ ਨੇ ਜੀ7, ਨਾਟੋ ਨੂੰ ਰੂਸ ਤੋਂ ਤੇਲ ਦਰਾਮਦ ਕਰਨ ਵਾਲਿਆਂ ‘ਤੇ ਟੈਰਿਫ ਲਗਾਉਣ ਦੀ ਕੀਤੀ ਸੀ ਮੰਗ
ਬੀਜਿੰਗ, 16 ਸਤੰਬਰ (ਪੰਜਾਬ ਮੇਲ)- ਬੀਜਿੰਗ ਨੇ ਸੋਮਵਾਰ ਨੂੰ ਜੀ7 ਅਤੇ ਨਾਟੋ ਦੇਸ਼ਾਂ ਨੂੰ ਚੀਨ ਅਤੇ ਰੂਸੀ ਤੇਲ ਦਰਾਮਦ ਕਰਨ ਵਾਲੇ ਹੋਰ ਦੇਸ਼ਾਂ ‘ਤੇ ਟੈਕਸ ਲਗਾਉਣ ਦੀ ਅਮਰੀਕੀ ਮੰਗ ਨੂੰ ”ਇਕਪਾਸੜ ਧੱਕੇਸ਼ਾਹੀ” ਅਤੇ ”ਆਰਥਿਕ ਜ਼ਬਰਦਸਤੀ” ਦੀ ਇੱਕ ਖਾਸ ਕਾਰਵਾਈ ਦੱਸਿਆ ਅਤੇ ਚੇਤਾਵਨੀ ਦਿੱਤੀ ਕਿ ਜੇ ਵਾਸ਼ਿੰਗਟਨ ਦੀ ਮੰਗ ਮੰਨੀ ਗਈ, ਤਾਂ ਉਹ ਜਵਾਬੀ ਕਾਰਵਾਈ ਕਰੇਗਾ।
ਸੋਮਵਾਰ ਨੂੰ ਸਪੇਨ ਵਿਚ ਆਰਥਿਕ ਅਤੇ ਵਪਾਰਕ ਮੁੱਦਿਆਂ ‘ਤੇ ਚੀਨੀ ਅਤੇ ਅਮਰੀਕੀ ਵਫ਼ਦਾਂ ਵਿਚਕਾਰ ਉਨ੍ਹਾਂ ਦੀ ਗੱਲਬਾਤ ਦੇ ਦੂਜੇ ਦਿਨ ਮੁੜ ਮੁਲਾਕਾਤ ਦੌਰਾਨ ਅਮਰੀਕਾ ਦੀ ਇਸ ਮੰਗ ਨੂੰ ਚੀਨ ਨੇ ਖਾਰਜ ਕੀਤਾ।
ਇੱਕ ਨਿਯਮਤ ਨਿਊਜ਼ ਬ੍ਰੀਫਿੰਗ ਵਿਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਕਿਹਾ ਕਿ ਰੂਸ ਸਮੇਤ ਦੁਨੀਆਂ ਭਰ ਦੇ ਦੇਸ਼ਾਂ ਨਾਲ ਚੀਨ ਦਾ ਆਮ ਆਰਥਿਕ ਅਤੇ ਊਰਜਾ ਸਹਿਯੋਗ ਜਾਇਜ਼, ਕਾਨੂੰਨੀ ਅਤੇ ਬੇਦਾਗ ਹੈ।
ਲਿਨ ਨੇ ਕਿਹਾ, ”ਅਮਰੀਕਾ ਦਾ ਇਹ ਕਦਮ ਇਕਪਾਸੜ ਧੱਕੇਸ਼ਾਹੀ ਅਤੇ ਆਰਥਿਕ ਜ਼ਬਰਦਸਤੀ ਦੀ ਇੱਕ ਖਾਸ ਕਾਰਵਾਈ ਹੈ, ਜੋ ਅੰਤਰਰਾਸ਼ਟਰੀ ਵਪਾਰ ਨਿਯਮਾਂ ਨੂੰ ਗੰਭੀਰ ਕਮਜ਼ੋਰ ਕਰਦਾ ਹੈ ਅਤੇ ਵਿਸ਼ਵ ਉਦਯੋਗਿਕ ਅਤੇ ਸਪਲਾਈ ਲੜੀਆਂ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਖ਼ਤਰਾ ਪਹੁੰਚਾਉਂਦਾ ਹੈ।”
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਯੂਕਰੇਨ ਸੰਘਰਸ਼ ਨੂੰ ਖਤਮ ਕਰਨ ਵਿਚ ਮਦਦ ਲਈ ਨਾਟੋ ਦੇਸ਼ਾਂ ਨੂੰ ਚੀਨ ‘ਤੇ 50 ਤੋਂ 100 ਫੀਸਦੀ ਟੈਕਸ ਲਗਾਉਣੇ ਚਾਹੀਦੇ ਹਨ ਅਤੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਣਾ ਚਾਹੀਦਾ ਹੈ।
ਰੂਸੀ ਤੇਲ ਦਰਾਮਦ ਕਰਨ ਵਾਲੇ ਦੇਸ਼ਾਂ ‘ਤੇ ਟੈਕਸ ਲਾਉਣ ਦੀ ਅਮਰੀਕੀ ਮੰਗ ਨੂੰ ਚੀਨ ਨੇ ਦੱਸਿਆ ਧੱਕੇਸ਼ਾਹੀ
