#AMERICA

ਰਿਪਬਲਿਕਨ ਪਾਰਟੀ ਦੀ ਆਗੂ ਹਰਮੀਤ ਢਿੱਲੋਂ ਨੇ ਕਨਵੈਨਸ਼ਨ ਦੌਰਾਨ ਕੀਤੀ ‘ਅਰਦਾਸ’

ਮਿਲਵਾਕੀ/ਨਵੀਂ ਦਿੱਲੀ, 17 ਜੁਲਾਈ (ਪੰਜਾਬ ਮੇਲ)- ਰਿਪਬਲਿਕਨ ਪਾਰਟੀ ਦੀ ਆਗੂ ਤੇ ਸਿਵਲ ਰਾਈਟਸ ਬਾਰੇ ਅਟਾਰਨੀ ਹਰਮੀਤ ਢਿੱਲੋਂ ਨੇ ਮਿਲਵਾਕੀ ਵਿਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਮੌਜੂਦਗੀ ਵਿਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿਚ ‘ਅਰਦਾਸ’ ਕੀਤੀ। ਉਨ੍ਹਾਂ ਸਿੱਖਾਂ ਦੀ ਧਾਰਮਿਕ ਰਸਮ ਅਦਾ ਕਰਦਿਆਂ ਕਿਹਾ ਕਿ ਇੱਕ ਸਿੱਖ ਪ੍ਰਵਾਸੀ ਪਰਿਵਾਰ ਦੀ ਮੈਂਬਰ ਹੋਣ ਦੇ ਨਾਤੇ ਉਸ ਨੂੰ ਸਤਿਕਾਰ ਦੀ ਨਿਸ਼ਾਨੀ ਵਜੋਂ ਅਰਦਾਸ ਕਰਨ ਸਮੇਂ ਸਿਰ ਢਕਣ ਦੀ ਪ੍ਰਥਾ ਦੀ ਪਾਲਣਾ ਕਰਨੀ ਚਾਹੀਦੀ ਹੈ। ਦੱਸਣਾ ਬਣਦਾ ਹੈ ਕਿ ਉਹ ਪਹਿਲਾਂ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੀ ਵਾਈਸ ਚੇਅਰ ਵਿਮੈਨ ਵਜੋਂ ਕੰਮ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਅਰਦਾਸ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ, ਜੋ ਆਮ ਤੌਰ ‘ਤੇ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਵੱਲੋਂ ਕਿਸੇ ਵੀ ਨਵੇਂ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੀਤੀ ਜਾਂਦੀ ਹੈ। ਇਹ ਪ੍ਰਮਾਤਮਾ ਦਾ ਧੰਨਵਾਦ ਕਰਨ ਅਤੇ ਸਾਰਿਆਂ ਲਈ ਨਿਮਰਤਾ, ਸੱਚਾਈ ਅਤੇ ਨਿਆਂ ਵਰਗੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਵਿਚ ਮਦਦ ਕਰਨ ਦੀ ਮੰਗ ਕਰਨ ਲਈ ਕੀਤੀ ਜਾਂਦੀ ਹੈ।