ਵਾਸ਼ਿੰਗਟਨ, 15 ਜੁਲਾਈ (ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਕਰਨ ਵਾਲਾ ਸ਼ੂਟਰ ਥੌਮਸ ਮੈਥਿਊ ਕਰੁਕਸ ਰਿਪਬਲਿਕਨ ਪਾਰਟੀ ਦਾ ਰਜਿਸਟਰਡ ਵੋਟਰ ਸੀ, ਜਿਸ ਨੇ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਪਹਿਲੀ ਵਾਰ ਵੋਟ ਪਾਉਣੀ ਸੀ। ਉਹ ਪਿਟਸਬਰਗ ਦੇ ਨੀਮ ਸ਼ਹਿਰੀ ਬੈਥਲ ਪਾਰਕ ਵਿਚ ਰਹਿੰਦਾ ਸੀ, ਜੋ ਟਰੰਪ ਦੀ ਚੋਣ ਰੈਲੀ ਵਾਲੀ ਥਾਂ ਤੋਂ ਦੱਖਣ ਵੱਲ 56 ਕਿਲੋਮੀਟਰ ਦੀ ਦੂਰੀ ‘ਤੇ ਹੈ। ਸੀ.ਐੱਨ.ਐੱਨ. ਨੇ ਆਪਣੀ ਇਕ ਰਿਪੋਰਟ ਵਿਚ ਕਈ ਕਾਨੂੰਨ ਏਜੰਸੀਆਂ ਵਿਚਲੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਸ਼ੂਟਰ ਦੀ ਕਾਰ ਤੇ ਉਸ ਦੀ ਰਿਹਾਇਸ਼ ‘ਚੋਂ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਹੈ। ਉਸ ਨੇ 2022 ‘ਚ ਬੈਥਲ ਪਾਰਕ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਸੀ। ਸਥਾਨਕ ਸੁਰੱਖਿਆ ਕਰਮੀਆਂ ਨੇ ਕਰੁਕਸ ਨੂੰ ਰੈਲੀ ਦੇ ਬਾਹਰ ਦੇਖਿਆ ਸੀ।