ਵਾਸ਼ਿੰਗਟਨ, 30 ਮਾਰਚ (ਪੰਜਾਬ ਮੇਲ)- ਅਮਰੀਕੀ ਕਾਂਗਰਸ ਦੇ ਮੈਂਬਰ ਰੋਅ ਖੰਨਾ ਆਪਣੇ ਮਰਹੂਮ ਨਾਨਾ ਅਮਰਨਾਥ ਵਿੱਦਿਆਲੰਕਾਰ ਦੀ ਹਮਾਇਤ ਵਿਚ ਆ ਗਏ ਹਨ। ਦੱਸਣਯੋਗ ਹੈ ਕਿ ਵਿੱਦਿਆਲੰਕਾਰ ਉਤੇ ਐਮਰਜੈਂਸੀ ਦੌਰਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਪੱਖ ਪੂਰਨ ਦਾ ਦੋਸ਼ ਲਾ ਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਉਤੇ ਨਿਸ਼ਾਨਾ ਬਣਾਇਆ ਗਿਆ ਸੀ। ਖੰਨਾ ਨੇ ਕਿਹਾ, ‘ਮੇਰੇ ‘ਤੇ ਹਮਲਾ ਕਰੋ। ਭਾਰਤ ਦੇ ਆਜ਼ਾਦੀ ਘੁਲਾਟੀਆਂ ਉਤੇ ਨਹੀਂ।’ ਪਿਛਲੇ ਹਫ਼ਤੇ ਡੈਮੋਕਰੇਟ ਖੰਨਾ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਅਯੋਗ ਠਹਿਰਾਏ ਜਾਣ ਦੀ ਨਿਖੇਧੀ ਕੀਤੀ ਸੀ ਤੇ ਕਿਹਾ ਸੀ ਕਿ ਇਹ ਗਾਂਧੀਵਾਦੀ ਫ਼ਲਸਫ਼ੇ ਨਾਲ ‘ਵੱਡਾ ਧੋਖਾ’ ਹੈ। ਰੋਅ ਖੰਨਾ ਨੇ ਕਿਹਾ ਸੀ ਕਿ, ‘ਭਾਰਤ ਦੀਆਂ ਗਹਿਰੀਆਂ ਕਦਰਾਂ-ਕੀਮਤਾਂ ਦਾ ਅਪਮਾਨ ਹੋਇਆ ਹੈ। ਮੇਰੇ ਨਾਨਾ ਨੇ ਇਸ ਦੇ ਲਈ ਕਈ ਸਾਲ ਜੇਲ੍ਹ ਵਿਚ ਨਹੀਂ ਬਿਤਾਏ ਸਨ।’ ਰਾਹੁਲ ਗਾਂਧੀ ਨੂੰ ਦਿੱਤੇ ਸਮਰਥਨ ਤੋਂ ਬਾਅਦ, ਸੋਸ਼ਲ ਮੀਡੀਆ ਉਤੇ ਖੰਨਾ ਨੂੰ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਨਾਨਾ ਵਿੱਦਿਆਲੰਕਾਰ ਜੋ ਕਿ ਗਾਂਧੀਵਾਦੀ ਸਨ, ਨੇ ਐਮਰਜੈਂਸੀ ਦੌਰਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸਮਰਥਨ ਕੀਤਾ ਸੀ। ਟਵੀਟਾਂ ਵਿਚ ਕਿਹਾ ਗਿਆ ਸੀ ਕਿ ਅਮਰਨਾਥ ਕਾਂਗਰਸ ਦੇ ਕੱਟੜ ਸਮਰਥਕ ਸਨ ਤੇ ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਸਰਕਾਰ ਦਾ ਹਿੱਸਾ ਸਨ। ਟਵੀਟਾਂ ਦੇ ਜਵਾਬ ਵਿਚ ਖੰਨਾ ਨੇ ਕਿਹਾ ਸੀ, ‘ਇਹ ਦੇਖ ਕੇ ਮਨ ਉਦਾਸ ਹੁੰਦਾ ਹੈ ਕਿ ਮੇਰੇ ਨਾਨਾ, ਜਿਨ੍ਹਾਂ ਲਾਲਾ ਲਾਜਪਤ ਰਾਏ ਨਾਲ ਕੰਮ ਕੀਤਾ, ਜੇਲ੍ਹ ਕੱਟੀ, ਇੰਦਰਾ ਗਾਂਧੀ ਨੂੰ ਐਮਰਜੈਂਸੀ ਦੇ ਵਿਰੋਧ ਵਿਚ ਦੋ ਪੱਤਰ ਲਿਖੇ, ਮਗਰੋਂ ਜਲਦੀ ਸੰਸਦ ਵੀ ਛੱਡ ਦਿੱਤੀ, ਉਨ੍ਹਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ। ਖੰਨਾ ਸਿਲੀਕਾਨ ਵੈਲੀ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਦੇ ਮੈਂਬਰ ਹਨ।
ਰਾਹੁਲ ਦੇ ਹੱਕ ‘ਚ ਟਵੀਟ ਕਰਨ ‘ਤੇ ਅਮਰੀਕੀ ਕਾਂਗਰਸ ਮੈਨ ਰੋਅ ਖੰਨਾ ਦਾ ਵਿਰੋਧ
