#INDIA

ਰਾਹੁਲ ਗਾਂਧੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਨਵੀਂ ਦਿੱਲੀ, 23 ਅਕਤੂਬਰ (ਪੰਜਾਬ ਮੇਲ)- ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਗੈਂਗਸਟਰ ਲਾਰੇਂਸ ਬਿਸ਼ਨੋਈ ਇੱਕ ਵਾਰ ਫਿਰ ਸੁਰਖੀਆਂ ਵਿਚ ਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਨੇਤਾ ਅਤੇ ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਸੋਸ਼ਲ ਮੀਡੀਆ ‘ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਬਿਸ਼ਨੋਈ ਦੀ ਤਸਵੀਰ ਨਾਲ ਧਮਕੀ ਭਰੇ ਪੋਸਟ ‘ਚ ਰਾਹੁਲ ਗਾਂਧੀ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਐੱਨ.ਐੱਸ.ਯੂ.ਆਈ. ਉੱਤਰ ਪ੍ਰਦੇਸ਼ ਪੂਰਬੀ ਦੇ ਪ੍ਰਧਾਨ ਰਿਸ਼ਭ ਪਾਂਡੇ ਨੇ ਵਾਰਾਣਸੀ ਦੇ ਸਿਗਰਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਧਮਕੀ ਦੇਣ ਵਾਲੇ ਵਿਅਕਤੀ ‘ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਪੋਸਟ ‘ਚ ਨਾ ਸਿਰਫ਼ ਰਾਹੁਲ ਗਾਂਧੀ ਦਾ ਜ਼ਿਕਰ ਸਗੋਂ ਏ.ਆਈ.ਐੱਮ.ਆਈ.ਐੱਮ. ਮੁਖੀ ਅਸਦੁਦੀਨ ਓਵੈਸੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਮਾਮਲੇ ਦੇ ਸਬੰਧ ਵਿਚ ਐੱਨ.ਐੱਸ.ਯੂ.ਆਈ. ਪੂਰਬੀ ਉੱਤਰ ਪ੍ਰਦੇਸ਼ ਦੇ ਪ੍ਰਧਾਨ ਰਿਸ਼ਭ ਪਾਂਡੇ ਨੇ ਕਿਹਾ ਕਿ ਬੁੱਧਾਦਿੱਤਿਆ ਮੋਹੰਤੀ ਨਾਂ ਦੇ ਇਕ ਯੂਜ਼ਰ ਨੇ ਰਾਹੁਲ ਗਾਂਧੀ ਬਾਰੇ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਪੋਸਟ ਪਾਈ ਹੈ, ਜਿਸ ‘ਚ ਉਸ ਨੇ ਰਾਹੁਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਦੂਜੇ ਪਾਸੇ ਇਸ ਪੋਸਟ ‘ਚ ਲਾਰੈਂਸ ਬਿਸ਼ਨੋਈ ਦੀ ਵਡਿਆਈ ਵੀ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਦਰਖ਼ਾਸਤ ਦੇ ਆਧਾਰ ‘ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।