-ਰਾਜਪੁਰਾ ਵਿਖੇ ਕਰਵਾਏ ਸਾਈਕਲਿੰਗ ਈਵੈਂਟ ਵਿਚ ਵੱਡੀ ਗਿਣਤੀ ਸਾਈਕਲਿਸਟਾਂ ਨੇ ਲਿਆ ਹਿੱਸਾ
– ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ, ਪਟਿਆਲਾ ਦਾ ਉਪਰਾਲਾ
ਰਾਜਪੁਰਾ/ਪਟਿਆਲਾ, 29 ਅਗਸਤ (ਪੰਜਾਬ ਮੇਲ)- ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ, ਪਟਿਆਲਾ (ਪੰਜਾਬ) ਵੱਲੋਂ 29 ਤੋਂ 31 ਅਗਸਤ ਤੱਕ ਰਾਸ਼ਟਰੀ ਖੇਡ ਦਿਵਸ ਮਨਾਉਣ ਸਬੰਧੀ ਰਾਜਪੁਰਾ ਵਿਖੇ ਸਾਈਕਲਿੰਗ ਈਵੈਂਟ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਸਾਈਕਲਿਸਟਾਂ ਨੇ ਹਿੱਸਾ ਲਿਆ। ਇਹ ਉਪਰਾਲਾ ਦੇਸ਼-ਪੱਧਰੀ ਮੁਹਿੰਮ ”ਇੱਕ ਘੰਟਾ ਖੇਲ ਕੇ ਮੈਦਾਨ ਵਿਚ” ਹੇਠ ਕੀਤਾ ਗਿਆ, ਜਿਸ ਦਾ ਮਕਸਦ ਨਾਗਰਿਕਾਂ ਵਿਚ ਖੇਡਾਂ, ਫਿਟਨੈੱਸ ਅਤੇ ਏਕਤਾ ਨੂੰ ਪ੍ਰੋਤਸਾਹਿਤ ਕਰਨਾ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਕੌਮਾਂਤਰੀ ਸਾਈਕਲਿਸਟ, ਮਹਾਰਾਜਾ ਰਣਜੀਤ ਸਿੰਘ ਐਵਾਰਡੀ, ਜਨਰਲ ਸਕੱਤਰ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਪਟਿਆਲਾ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਹ ਕਾਰਜਕ੍ਰਮ, ਜੋ ਕਿ ਸਪੋਰਟਸ ਅਥਾਰਿਟੀ ਆਫ ਇੰਡੀਆ (ਐੱਸ.ਏ.ਆਈ.), ਫਿਟ ਇੰਡੀਆ ਮੂਵਮੈਂਟ ਅਤੇ ਯੂਥ ਅਫ਼ੇਅਰਜ਼ ਐਂਡ ਸਪੋਰਟਸ ਮੰਤਰਾਲੇ ਦੇ ਸਹਿਯੋਗ ਨਾਲ ਦੇਸ਼ ਭਰ ਵਿਚ ਮਨਾਇਆ ਜਾ ਰਿਹਾ ਹੈ, ਵਿਚ ਵੱਖ-ਵੱਖ ਖੇਡ ਸਮਾਗਮ, ਫਿਟਨੈੱਸ ਸੈਸ਼ਨ ਅਤੇ ਜਾਗਰੂਕਤਾ ਮੁਹਿੰਮਾਂ ਸ਼ਾਮਲ ਹਨ, ਜਿਨ੍ਹਾਂ ਰਾਹੀਂ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਸ਼੍ਰੀ ਕਾਹਲੋਂ ਨੇ ਰਾਜਪੁਰਾ ਵਿਖੇ ਨੌਜਵਾਨਾਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਸਾਈਕਲਿੰਗ ਵਿਚ ਵੱਧ ਤੋਂ ਵੱਧ ਭਾਗੀਦਾਰੀ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਨੌਜਵਾਨਾਂ ਨੂੰ ਅਨੁਸ਼ਾਸਨ, ਸਮਰਪਣ ਅਤੇ ਫਿਟਨੈੱਸ ਰਾਹੀਂ ਖੇਡਾਂ ਵਿਚ ਸਫਲਤਾ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ। ਰਾਸ਼ਟਰੀ ਖੇਡ ਦਿਵਸ ਹਰ ਸਾਲ 29 ਅਗਸਤ ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੀ ਜਨਮ ਜੈਯੰਤੀ ਨੂੰ ਸਮਰਪਿਤ ਕਰਕੇ ਮਨਾਇਆ ਜਾਂਦਾ ਹੈ। ਉਨ੍ਹਾਂ ਦਾ ਅਮੋਲਕ ਯੋਗਦਾਨ ਅੱਜ ਵੀ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਇਸ ਮੌਕੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਪਟਿਆਲਾ ਦੇ ਅਹੁਦੇਦਾਰਾਂ ਬਖਸ਼ੀਸ਼ ਸਿੰਘ ਨੇ ਕਿਹਾ, ”ਸਾਡਾ ਉਦੇਸ਼ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਅਤੇ ਫਿਟਨੈੱਸ ਵੱਲ ਮੋੜਨਾ ਹੈ। ਸਾਈਕਲਿੰਗ, ਜੋ ਕਿ ਸਭ ਤੋਂ ਆਸਾਨ ਅਤੇ ਸਿਹਤਮੰਦ ਕਿਰਿਆਵਾਂ ਵਿਚੋਂ ਇੱਕ ਹੈ, ਇੱਕ ਮਜ਼ਬੂਤ ਅਤੇ ਤੰਦਰੁਸਤ ਰਾਸ਼ਟਰ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਅਸੀਂ ਨੌਜਵਾਨ ਪੀੜ੍ਹੀ ਵੱਲੋਂ ਇੰਨਾ ਵਧੀਆ ਜੋਸ਼ ਦੇਖ ਕੇ ਬਹੁਤ ਖੁਸ਼ ਹਾਂ।” ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਜੋ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ, ਇਹ ਸ਼ਲਾਘਾਯੋਗ ਕਦਮ ਹੈ। ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਪਟਿਆਲਾ ਨੇ ਵਿਦਿਆਰਥੀਆਂ, ਖਿਡਾਰੀਆਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਤਿੰਨ ਦਿਨਾਂ ਦੌਰਾਨ ਕਰਵਾਏ ਜਾਣ ਵਾਲੇ ਖੇਡ ਈਵੈਂਟਾਂ ਵਿਚ ਸਰਗਰਮ ਭਾਗ ਲੈਣ ਅਤੇ ਖੇਡਾਂ, ਜਜ਼ਬੇ ਅਤੇ ਏਕਤਾ ਦੇ ਇਸ ਜਸ਼ਨ ਨੂੰ ਕਾਮਯਾਬ ਬਣਾਉਣ। ਇਸ ਮੌਕੇ ਸੁਰਿੰਦਰ ਸਿੰਘ ਛਿੰਦਾ ਸ਼ੰਕਰਪੁਰ, ਕ੍ਰਿਸ਼ਨ ਪਹਿਲਵਾਨ ਕੌਲੀ, ਪਲਵਿੰਦਰ ਸਿੰਘ ਸਰਪੰਚ ਕੌਲੀ, ਫੌਜੀ ਢੀਂਡਸਾ, ਟੀਕਾ ਕੌਲੀ, ਖੋ-ਖੋ ਕੋਚ ਮੈਡਮ ਸੁਖਵਿੰਦਰ ਕੌਰ, ਸਾਈਕਲਿੰਗ ਕੋਚ ਹਰਪ੍ਰੀਤ ਕੌਰ ਵੱਡੀ ਗਿਣਤੀ ਵਿਚ ਖਿਡਾਰੀ, ਖਿਡਾਰੀਆਂ ਦੇ ਮਾਤਾ-ਪਿਤਾ ਅਤੇ ਦਰਸ਼ਕ ਹਾਜ਼ਰ ਸਨ।
ਰਾਸ਼ਟਰੀ ਖੇਡ ਦਿਵਸ ਮੌਕੇ ਖੇਡਾਂ, ਜਜ਼ਬੇ ਅਤੇ ਏਕਤਾ ਦਾ ਰਾਸ਼ਟਰੀ ਸਮਾਗਮ
