ਵਾਸ਼ਿੰਗਟਨ ਡੀ.ਸੀ., 6 ਜੂਨ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਇਕ ਕਾਰਜਕਾਰੀ ਆਦੇਸ਼ ਜਾਰੀ ਕੀਤੇ ਗਏ ਹਨ, ਜਿਸ ਰਾਹੀਂ ਉਨ੍ਹਾਂ ਨੇ ਅਮਰੀਕਾ ‘ਚ ਬਾਰਡਰ ਟੱਪ ਕੇ ਮੈਕਸੀਕੋ ਤੋਂ ਆਉਣ ਵਾਲੇ ਗੈਰ ਕਾਨੂੰਨੀ ਲੋਕਾਂ ਨੂੰ ਆਉਣ ਦੀ ਸਖਤੀ ਕਰਨ ‘ਤੇ ਜ਼ੋਰ ਦਿੱਤਾ ਹੈ ਅਤੇ ਰਾਜਨੀਤਿਕ ਸ਼ਰਨ ਲੈਣ ਵਾਲੇ ਲੋਕਾਂ ਨਾਲ ਵੀ ਸਖਤੀ ਨਾਲ ਨਜਿੱਠਣ ਦੇ ਆਦੇਸ਼ ਜਾਰੀ ਕੀਤੇ ਹਨ।
ਜ਼ਿਕਰਯੋਗ ਹੈ ਕਿ ਇਸ ਰਸਤੇ ਰਾਹੀਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਬਾਰਡਰ ਟੱਪ ਕੇ ਅਮਰੀਕਾ ਵਿਚ ਦਾਖਲ ਹੁੰਦੇ ਰਹੇ ਹਨ ਅਤੇ ਬਾਇਡਨ ਪ੍ਰਸ਼ਾਸਨ ਦੌਰਾਨ ਹੀ ਇਸ ਦੀ ਜ਼ਿਆਦਾ ਖੁੱਲ੍ਹ ਦਿੱਤੀ ਗਈ ਸੀ। ਦੁਨੀਆਂ ਭਰ ਤੋਂ ਲੋਕਾਂ ਨੇ ਇਥੋਂ ਘੁਸਪੈਠ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਨ੍ਹਾਂ ਵਿਚ ਪੰਜਾਬੀਆਂ ਦੀ ਗਿਣਤੀ ਵੀ ਭਾਰੀ ਤਦਾਦ ਵਿਚ ਰਹੀ ਹੈ। ਇਹ ਹੁਕਮ ਦਸਤਖ਼ਤ ਕੀਤੇ ਜਾਣ ਤੋਂ ਤੁਰੰਤ ਬਾਅਦ ਲਾਗੂ ਹੋ ਗਏ ਹਨ।
ਅਮਰੀਕਾ ਦੀਆਂ ਚੋਣਾਂ ਨੂੰ ਕੁੱਝ ਮਹੀਨੇ ਹੀ ਰਹਿੰਦੇ ਹਨ। ਰਿਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਜੋਅ ਬਾਇਡਨ ‘ਤੇ ਪਿਛਲੇ ਲੰਮੇ ਸਮੇਂ ਤੋਂ ਇਹ ਬਾਰਡਰ ਸੀਲ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ, ਜਿਸ ਕਰਕੇ ਹੁਣ ਰਾਸ਼ਟਰਪਤੀ ਬਾਇਡਨ ਨੇ ਇਹ ਬਾਰਡਰ ਸੀਲ ਕਰਨ ਦੇ ਹੁਕਮ ਦਿੱਤੇ ਹਨ ਅਤੇ ਉਥੇ ਤਾਇਨਾਤ ਅਧਿਕਾਰੀਆਂ ਨੂੰ ਘੁਸਪੈਠ ਕਰਨ ਵਾਲੇ ਲੋਕਾਂ ਨੂੰ ਵਾਪਸ ਭੇਜਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ।
ਆਮ ਤੌਰ ‘ਤੇ ਪ੍ਰਵਾਸੀ ਜੋ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੀ ਸਰਹੱਦ ਪਾਰ ਕੇ ਆਉਂਦੇ ਹਨ, ਉਹ ਇਥੇ ਸ਼ਰਨ ਲੈਣ ਦਾ ਦਾਅਵਾ ਕਰਦੇ ਹਨ, ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਉਡੀਕ ਕਰਨ ਲਈ ਅਮਰੀਕਾ ਦਾਖਲ ਹੋਣ ਦਿੱਤਾ ਜਾਂਦਾ ਹੈ, ਜਿੱਥੇ ਉਹ ਆਪਣੇ ਕੇਸਾਂ ਦੀ ਪੈਰਵੀ ਕਰ ਸਕਦੇ ਸਨ। ਇਸ ਵੇਲੇ ਇਕ ਵੱਡਾ ਬੈਕਲਾਗ ਇਨ੍ਹਾਂ ਕੇਸਾਂ ਵਿਚ ਬਣ ਗਿਆ ਹੈ, ਜਿਸ ਕਰਕੇ ਸ਼ਰਨ ਲੈਣ ਵਾਲਿਆਂ ਦੇ ਕੇਸ ਨਿਪਟਾਉਣ ਲਈ ਬਹੁਤ ਲੰਮਾ ਸਮਾਂ ਲੱਗ ਸਕਦਾ ਹੈ। ਬਹੁਤ ਸਾਰੇ ਡੈਮੋਕ੍ਰੇਟ ਆਗੂਆਂ ਨੇ ਆਪਣੀ ਹੀ ਪਾਰਟੀ ਦੇ ਰਾਸ਼ਟਰਪਤੀ ਦੀ ਇਸ ਗੱਲ ‘ਤੇ ਚਿੰਤਾ ਪ੍ਰਗਟਾਈ ਹੈ। ਕੈਲੀਫੋਰਨੀਆ ਦੇ ਡੈਮੋਕ੍ਰੇਟ ਸੈਨੇਟਰ ਐਲਕਸ ਪਡੀਲਾ ਨੇ ਕਿਹਾ ਹੈ ਕਿ ਜੋਅ ਬਾਇਡਨ ਨੇ ਰਿਪਬਲੀਕਨਾਂ ਪਿੱਛੇ ਲੱਗ ਕੇ ਅਮਰੀਕੀ ਕਦਰਾਂ-ਕੀਮਤਾਂ ਨੂੰ ਕਮਜ਼ੋਰ ਕੀਤਾ ਹੈ। ਵਿਦੇਸ਼ੀ ਅੱਤਿਆਚਾਰ, ਹਿੰਸਾ ਅਤੇ ਤਾਨਾਸ਼ਾਹੀ ਤੋਂ ਭੱਜ ਰਹੇ ਲੋਕਾਂ ਨੂੰ ਅਮਰੀਕਾ ਵਿਚ ਸ਼ਰਨ ਲੈਣ ਦਾ ਮੌਕਾ ਪ੍ਰਦਾਨ ਕਰਨ ਲਈ ਸਾਡੇ ਦੇਸ਼ ਦੀਆਂ ਜ਼ਿੰਮੇਵਾਰੀਆਂ ਨੂੰ ਤਿਆਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਇਡਨ ਵੀ ਹੁਣ ਟਰੰਪ ਦੇ ਰਾਹ ‘ਤੇ ਚੱਲ ਪਏ ਹਨ।
ਜ਼ਿਕਰਯੋਗ ਹੈ ਕਿ ਬਹੁਤ ਸਾਰੇ ਪੰਜਾਬੀ ਲੱਖਾਂ ਰੁਪਇਆ ਦੇ ਕੇ ਇਸ ਬਾਰਡਰ ਰਾਹੀਂ ਅਮਰੀਕਾ ਪਹੁੰਚਦੇ ਸਨ, ਜਿਨ੍ਹਾਂ ‘ਤੇ ਹੁਣ ਖਤਰੇ ਦੀ ਤਲਵਾਰ ਲਟਕ ਗਈ ਹੈ।