ਸੈਕਰਾਮੈਂਟੋ, ਕੈਲੀਫੋਰਨੀਆ, 24 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਹੁੰ ਚੁੱਕਣ ਉਪਰੰਤ 20 ਜਨਵਰੀ ਨੂੰ ਜਾਰੀ ਆਦੇਸ਼ ਜਿਸ ਦਾ ਸਿਰਲੇਖ ਹੈ ” ਪ੍ਰੋਟੈਕਟਿੰਗ ਦ ਮੀਨਿੰਗ ਐਂਡ ਵੈਲਯੂ ਆਫ ਅਮੈਰਕੀਨ ਸਿਟੀਜ਼ਨਸ਼ਿੱਪ” ਨਾਲ ਲੱਖਾਂ ਪ੍ਰਵਾਸੀ ਪ੍ਰਭਾਵਿਤ ਹੋਣਗੇ। ਇਕ ਰਿਪੋਰਟ ਅਨੁਸਾਰ ਟਰੰਪ ਦੇ ਇਸ ਆਦੇਸ਼ ਨਾਲ ਪਿਛਲੇ ਲੰਬੇ ਸਮੇ ਤੋਂ ਗਰੀਨ ਕਾਰਡ ਦੀ ਉਡੀਕ ਕਰ ਰਹੇ 10 ਲੱਖ ਤੋਂ ਵਧ ਭਾਰਤੀਆਂ ਉਪਰ ਅਸਰ ਪਵੇਗਾ। ਇਸ ਆਦੇਸ਼ ਨਾਲ ਕਾਨੂੰਨੀ ਦਰਜੇ ਦੀ ਉਡੀਕ ਕਰ ਰਹੇ ਭਾਰਤੀਆਂ ਦੇ ਅਮਰੀਕਾ ਵਿਚ ਪੈਦਾ ਹੋਏ ਬੱਚਿਆਂ ਦਾ ਨਾਗਰਿਕਤਾ ਦਰਜਾ ਜੋਖਮ ਵਿਚ ਪੈ ਜਾਵੇਗਾ ਤੇ ਇਹ ਪਰਿਵਾਰ ਕਾਨੂੰਨੀ ਲੜਾਈ ਲੜਨ ਲਈ ਮਜਬੂਰ ਹੋ ਜਾਣਗੇ। ਇਸ ਆਦੇਸ਼ ਤਹਿਤ ਜਨਮ ਅਧਾਰਤ ਨਾਗਰਿਕਤਾ ਰੱਦ ਕਰਨ ਦੀ ਵਿਵਸਥਾ ਹੈ ਜੋ ਨਾਗਰਿਕਤਾ ਅਮਰੀਕਾ ਵਿਚ ਪੈਦਾ ਹੋਏ ਬੱਚਿਆਂ ਨੂੰ ਖੁਦ ਬਖੁਦ ਮਿਲੀ ਹੋਈ ਹੈ। ਇਸ ਤਬਦੀਲੀ ਨਾਲ ਖਾਸ ਕਰਕੇ ਉਨਾਂ ਭਾਰਤੀ ਪਰਿਵਾਰਾਂ ਉਪਰ ਸਿੱਧਾ ਅਸਰ ਪਵੇਗਾ ਜੋ ਆਰਜੀ ਵੀਜੇ ਉਪਰ ਹਨ ਜਿਵੇਂ ਕਿ ਐਚ-2 ਬੀ ਵਰਕ ਵੀਜਾ ਜਾਂ ਐਚ 4 ਆਸ਼ਰਿਤ ਵੀਜੇ ਵਾਲੇ ਭਾਰਤੀ ਜੋ ਜਨਮ ਅਧਿਕਾਰ ਨਾਗਰਿਤਾ ਨੂੰ ਆਪਣੇ ਬੱਚਿਆਂ ਲਈ ਸੁਰੱਖਿਆ ਕਵਚ ਸਮਝਦੇ ਹਨ। ਨਵੇਂ ਆਦੇਸ਼ ਤਹਿਤ ਜੋ ਲੋਕ ਅਮਰੀਕੀ ਨਾਗਰਿਕ ਨਹੀਂ ਹਨ ਜਾਂ ਆਰਜੀ ਤੌਰ ‘ਤੇ ਅਮਰੀਕਾ ਵਿਚ ਰਹਿ ਰਹੇ ਮਾਪਿਆਂ ਦੇ ਅਮਰੀਕਾ ਵਿਚ ਪੈਦਾ ਹੋਏ ਬੱਚਿਆਂ ਨੂੰ ਖੁਦ ਬਖੁਦ ਨਾਗਰਿਕਤਾ ਨਹੀਂ ਮਿਲੇਗੀ। ਆਪਣੇ ਆਦੇਸ਼ ਵਿਚ ਟਰੰਪ ਨੇ ਅਮਰੀਕੀ ਸਵਿਧਾਨ ਦੀ 14 ਵੀਂ ਸੋਧ ਦੀ ਲੰਬੇ ਸਮੇ ਤੋਂ ਕੀਤੀ ਜਾ ਰਹੀ ਵਿਆਖਿਆ ਨੂੰ ਚੁਣੌਤੀ ਦਿੱਤੀ ਹੈ ਜਿਸ ਤਹਿਤ ਜਨਮ ਅਧਾਰਤ ਨਾਗਰਿਕਤਾ ਦੀ ਵਿਵਸਥਾ ਹੈ। ਆਦੇਸ਼ ਵਿਚ ਕਿਹਾ ਗਿਆ ਹੈ ਕਿ ਇਸ ਸੋਧ ਦਾ ਇਹ ਮਤਲਬ ਨਹੀਂ ਹੈ ਕਿ ਇਹ ਸਾਰਿਆਂ ‘ਤੇ ਲਾਗੂ ਹੋਵੇਗੀ। ਇਸ ਆਦੇਸ਼ ਵਿਚ ਜਨਮ ਸੈਰਸਪਾਟਾ ਨੂੰ ਖਤਮ ਕਰਨ ਦੀ ਵਿਵਸਥਾ ਹੈ ਜੋ ਢੰਗ ਤਰੀਕਾ ਵਿਦੇਸ਼ੀ ਲੰਬੇ ਸਮੇ ਤੋਂ ਵਰਤਦੇ ਆ ਰਹੇ ਹਨ ਤੇ ਉਹ ਬੱਚੇ ਨੂੰ ਜਨਮ ਦੇਣ ਲਈ ਅਮਰੀਕਾ ਆਉਂਦੇ ਹਨ। ਇਨਾਂ ਵਿਚ ਭਾਰਤੀਆਂ ਤੇ ਮੈਕਸੀਕੀ ਲੋਕਾਂ ਦੀ ਗਿਣਤੀ ਵਧੇਰੇ ਹੈ।
18 ਹਜਾਰ ਤੋਂ ਵਧ ਭਾਰਤੀਆਂ ਉਪਰ ਦੇਸ਼ ਨਿਕਾਲੇ ਦੀ ਲਟਕੀ ਤਲਵਾਰ
ਹੋਰ ਦੇਸ਼ਾਂ ਦੇ ਪਰਵਾਸੀਆਂ ਤੋਂ ਇਲਾਵਾ ਬਿਨਾਂ ਦਸਤਾਵੇਜ ਰਹਿ ਰਹੇ ਭਾਰਤੀਆਂ ਸਮੇਤ ਲੱਖਾਂ ਪਰਵਾਸੀਆਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗੈਰ ਕਾਨੂੰਨੀ ਪਰਵਾਸੀਆਂ ਵਿਰੁੱਧ ਕਾਰਵਾਈ ਲਈ ਟਰੰਪ ਪ੍ਰਸ਼ਾਸਨ ਤਤਪਰ ਹੈ ਤੇ ਮੀਡਆ ਰਿਪੋਰਟਾਂ ਅਨੁਸਾਰ ਇਸ ਕਾਰਵਾਈ ਵਿਚ ਕਿਸੇ ਵੀ ਗੈਰ ਕਾਨੂੰਨੀ ਪ੍ਰਵਾਸੀ ਨੂੰ ਢਿੱਲ ਮਿਲਣ ਦੀ ਸੰਭਾਵਨਾ ਨਹੀਂ ਹੈ ਭਾਵੇਂ ਉਸ ਦਾ ਸਬੰਧ ਭਾਰਤ ਸਮੇਤ ਕਿਸੇ ਵੀ ਹੋਰ ਦੇਸ਼ ਨਾਲ ਹੋਵੇ। ਬਲੂਮਬਰਗ ਰਿਪੋਰਟਾਂ ਅਨੁਸਾਰ ਫਿਲਹਾਲ 18000 ਤੋਂ ਵਧ ਭਾਰਤੀਆਂ ਉਪਰ ਦੇਸ਼ ਨਿਕਾਲੇ ਦੀ ਤਲਵਾਰ ਲਟਕੀ ਹੋਈ ਹੈ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਅਸਲ ਵਿਚ ਇਹ ਗਿਣਤੀ ਬਹੁਤ ਜਿਆਦਾ ਹੋ ਸਕਦੀ ਹੈ ਕਿਉਂਕਿ ਅਜੇ ਬਿਨਾਂ ਦਸਤਾਵੇਜ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਰਹਿ ਰਹੇ ਲੋਕਾਂ ਦੀ ਜਾਂਚ ਪੜਤਾਲ ਚਲ ਰਹੀ ਹੈ। ਪੀਊ ਰਿਸਰਚ ਸੈਂਟਰ ਅਨੁਸਾਰ ਅਮਰੀਕਾ ਵਿਚ ਗੈਰ ਕਾਨੂੰਨੀ ਰਹਿ ਰਹੇ ਅਨੁਮਾਨਤ 7,25,000 ਪਰਵਾਸੀਆਂ ਵਿਚ ਭਾਰਤੀਆਂ ਦੀ ਗਿਣਤੀ ਤੀਸਰੇ ਸਥਾਨ ‘ਤੇ ਹੈ।