#AMERICA

ਰਾਸ਼ਟਰਪਤੀ ਟਰੰਪ ਕਰਨਗੇ ਹੁਨਰਮੰਦ ਕਾਮਿਆਂ ਦਾ ਸਵਾਗਤ!

ਨਿਊਯਾਰਕ/ਵਾਸ਼ਿੰਗਟਨ, 21 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਦੇਸ਼ ਵਿਚ ਹੁਨਰਮੰਦ ਪ੍ਰਵਾਸੀਆਂ ਦਾ ”ਸਵਾਗਤ” ਕਰਨਗੇ, ਜੋ ਅਮਰੀਕੀ ਕਾਮਿਆਂ ਨੂੰ ਚਿਪ ਅਤੇ ਮਿਜ਼ਾਈਲਾਂ ਵਰਗੇ ਗੁੰਝਲਦਾਰ ਉਤਪਾਦਾਂ ਦੇ ਨਿਰਮਾਣ ਦੀ ਤਕਨਾਲੋਜੀ ”ਸਿਖਾਉਣਗੇ”। ਟਰੰਪ ਨੇ ਇਹ ਵੀ ਸਵੀਕਾਰ ਕੀਤਾ ਕਿ ਉਨ੍ਹਾਂ ਨੂੰ ਇਸ ਮੁੱਦੇ ‘ਤੇ ਉਨ੍ਹਾਂ ਦੇ ਸਮਰਥਕਾਂ ਤੋਂ ”ਕੁਝ ਆਲੋਚਨਾ” ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਸਖ਼ਤ ਇਮੀਗ੍ਰੇਸ਼ਨ ਪਾਬੰਦੀਆਂ ਦਾ ਸਮਰਥਨ ਕਰਦੇ ਹਨ। ਬੁੱਧਵਾਰ ਨੂੰ ਅਮਰੀਕਾ-ਸਾਊਦੀ ਅਰਬ ਨਿਵੇਸ਼ ਫੋਰਮ ਨੂੰ ਸੰਬੋਧਨ ਕਰਦੇ ਹੋਏ, ਟਰੰਪ ਨੇ ਕਿਹਾ ਕਿ ਅਮਰੀਕਾ ਵਿਚ ਬਣਾਏ ਜਾ ਰਹੇ ਵੱਡੀ ਗਿਣਤੀ ਵਿਚ ਪਲਾਂਟ, ਜਿਨ੍ਹਾਂ ਵਿਚੋਂ ਬਹੁਤ ਸਾਰੇ ”ਬਹੁਤ ਗੁੰਝਲਦਾਰ” ਕੰਮਾਂ ਨਾਲ ਜੁੜੇ ਹੋਏ ਹਨ, ਦੇਸ਼ ਦੇ ਆਰਥਿਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਕਿਉਂਕਿ ਇਹ ਪਲਾਂਟ ਟੈਲੀਫੋਨ, ਕੰਪਿਊਟਰ ਅਤੇ ਮਿਜ਼ਾਈਲਾਂ ਵਰਗੇ ਬਹੁਤ ਹੀ ਗੁੰਝਲਦਾਰ ਉਤਪਾਦਾਂ ਦਾ ਨਿਰਮਾਣ ਕਰਨਗੇ, ਇਸ ਲਈ ਕੰਪਨੀਆਂ ਨੂੰ ਵਿਦੇਸ਼ਾਂ ਤੋਂ ਹੁਨਰਮੰਦ ਕਾਮੇ ਲਿਆਉਣੇ ਪੈਣਗੇ ਜੋ ਅਮਰੀਕੀ ਕਾਮਿਆਂ ਨੂੰ ਸਿਖਲਾਈ ਦੇ ਸਕਣ।
ਟਰੰਪ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਮੌਜੂਦਗੀ ਵਿਚ ਕਿਹਾ, ”ਮੈਨੂੰ ਕੁਝ ਆਲੋਚਨਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ… ਮੇਰੇ ਲੋਕ, ਜੋ ਮੈਨੂੰ ਪਿਆਰ ਕਰਦੇ ਹਨ ਅਤੇ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ, ਉਨ੍ਹਾਂ ਦਾ ਝੁਕਾਅ ਅਕਸਰ ਸੱਜੇ ਪਾਸੇ ਹੁੰਦਾ, ਕਈ ਵਾਰ ਬਹੁਤ ਜ਼ਿਆਦਾ।” ਰਾਸ਼ਟਰਪਤੀ ਨੇ ਕਿਹਾ, ”ਕੰਪਨੀਆਂ ਨੂੰ ਆਪਣੇ ਲੋਕਾਂ ਨੂੰ ਲਿਆਉਣਾ ਪਵੇਗਾ, ਤਾਂ ਜੋ ਫੈਕਟਰੀਆਂ ਸ਼ੁਰੂ ਹੋ ਸਕਣ। ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਲੋਕਾਂ ਨੂੰ ਕੰਪਿਊਟਰ ਚਿਪ ਅਤੇ ਹੋਰ ਚੀਜ਼ਾਂ ਬਣਾਉਣ ਦਾ ਤਰੀਕਾ ਸਿਖਾਉਣ… ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਨੂੰ ਲਿਆਉਣਾ ਪਵੇਗਾ, ਅਤੇ ਮੈਂ ਉਨ੍ਹਾਂ ਦਾ ਸਵਾਗਤ ਕਰਦਾ ਹਾਂ।” ਅਮਰੀਕੀ ਕੰਪਨੀਆਂ ਐੱਚ-1ਬੀ ਅਤੇ ਐੱਲ1 ਵੀਜ਼ਾ ਦੀ ਵਰਤੋਂ ਕਰਕੇ ਵਿਦੇਸ਼ੀ ਉੱਚ-ਹੁਨਰਮੰਦ ਕਾਮਿਆਂ ਨੂੰ ਨੌਕਰੀ ‘ਤੇ ਰੱਖਦੀਆਂ ਹਨ। ਟਰੰਪ ਪ੍ਰਸ਼ਾਸਨ ਗੈਰ-ਕਾਨੂੰਨੀ ਇਮੀਗ੍ਰੇਸ਼ਨ ‘ਤੇ ਸਖ਼ਤੀ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਬਹੁਤ ਸਾਰੇ ਸਮਰਥਕਾਂ ਨੇ ਐੱਚ-1ਬੀ ਵੀਜ਼ਾ ਪ੍ਰਣਾਲੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਹੈ, ਇਹ ਕਹਿੰਦੇ ਹੋਏ ਕਿ ਇਸਦੀ ਦੁਰਵਰਤੋਂ ਹੋ ਰਹੀ ਹੈ ਅਤੇ ਅਮਰੀਕੀਆਂ ਵਿਚ ਬੇਰੁਜ਼ਗਾਰੀ ਪੈਦਾ ਹੋ ਰਹੀ ਹੈ।