-19 ਜਨਵਰੀ ਨੂੰ 50 ਦਿਨ ਦੀ ਮਿਲੀ ਸੀ ਪੈਰੋਲ
ਰੋਹਤਕ, 11 ਮਾਰਚ (ਪੰਜਾਬ ਮੇਲ)- ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਅਤੇ ਪੱਤਰਕਾਰ ਛਤਰਪਤੀ ਕਤਲ ਕੇਸ ‘ਚ ਰਾਮ ਰਹੀਮ ਹੁਣ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਸਲਾਖਾਂ ਪਿੱਛੇ ਹੈ। ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ 50 ਦਿਨ ਦੀ ਪੈਰੋਲ ਤੋਂ ਬਾਅਦ ਐਤਵਾਰ ਸ਼ਾਮ ਪੁਲਸ ਦੇ ਸਖ਼ਤ ਸੁਰੱਖਿਆ ਘੇਰੇ ‘ਚ ਸੁਨਾਰੀਆ ਜੇਲ੍ਹ ਪਰਤਿਆ। 19 ਜਨਵਰੀ ਨੂੰ ਰਾਮ ਰਹੀਮ ਨੂੰ 50 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਦੀ ਲਗਾਤਾਰ ਪੈਰੋਲ ਨੂੰ ਲੈ ਕੇ ਹਰਿਆਣਾ ਸਰਕਾਰ ਨੂੰ ਸਖ਼ਤੀ ਨਾਲ ਸਵਾਲ ਕੀਤੇ ਸਨ। ਇਹ ਵੀ ਕਿਹਾ ਗਿਆ ਕਿ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਰਾਮ ਰਹੀਮ ਨੂੰ ਭਵਿੱਖ ਵਿਚ ਪੈਰੋਲ ਨਾ ਦਿੱਤੀ ਜਾਵੇ। ਰਾਮ ਰਹੀਮ ਨੂੰ ਮਿਲੀ ਪੈਰੋਲ ‘ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ ‘ਚ ਕਈ ਵਾਰ ਪਟੀਸ਼ਨ ਦਾਇਰ ਕੀਤੀ ਗਈ ਸੀ।
ਹਾਈ ਕੋਰਟ ਨੇ ਸਰਕਾਰ ਕੋਲੋਂ ਪੁੱਛਿਆ ਸੀ ਕਿ ਰਾਮ ਰਹੀਮ ਵਰਗੇ ਕਿੰਨੇ ਕੈਦੀਆਂ ਨੂੰ ਇੰਨੀ ਲੰਬੀ ਪੈਰੋਲ ਦਿੱਤੀ ਗਈ ਹੈ? ਇਹ ਵੀ ਕਿਹਾ ਗਿਆ ਸੀ ਕਿ ਸਰਕਾਰ ਹਾਈ ਕੋਰਟ ਦੀ ਇਜਾਜ਼ਤ ਤੋਂ ਬਿਨਾਂ ਰਾਮ ਰਹੀਮ ਨੂੰ ਭਵਿੱਖ ‘ਚ ਪੈਰੋਲ ਨਹੀਂ ਦੇਵੇਗੀ। ਅਦਾਲਤ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰਿਆਣਾ ਸਰਕਾਰ ਹਲਫਨਾਮਾ ਦਾਖਲ ਕਰੇ ਕਿ ਅਜਿਹੇ ਅਪਰਾਧਿਕ ਪਿਛੋਕੜ ਵਾਲੇ ਕਿੰਨੇ ਅਪਰਾਧੀਆਂ ਤੇ 3 ਮਾਮਲਿਆਂ ‘ਚ ਦੋਸ਼ੀ ਠਹਿਰਾਏ ਗਏ ਲੋਕਾਂ ਨੂੰ ਇਹ ਲਾਭ ਦਿੱਤਾ ਗਿਆ ਹੈ? ਰਾਮ ਰਹੀਮ ਨੂੰ ਪੈਰੋਲ ਮਿਲੀ ਸੀ ਤਾਂ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ‘ਤੇ ਸਵਾਲ ਉਠਦੇ ਰਹੇ ਹਨ।
ਰਾਮ ਰਹੀਮ ਨੂੰ ਕਦੋਂ-ਕਦੋਂ ਮਿਲੀ ਪੈਰੋਲ?
24 ਅਕਤੂਬਰ 2020: ਰਾਮ ਰਹੀਮ ਨੂੰ ਗੁਰੂਗ੍ਰਾਮ ਦੇ ਹਸਪਤਾਲ ‘ਚ ਦਾਖਲ ਆਪਣੀ ਬੀਮਾਰ ਮਾਂ ਨੂੰ ਮਿਲਣ ਲਈ 1 ਦਿਨ ਦੀ ਪੈਰੋਲ ਦਿੱਤੀ ਗਈ।
21 ਮਈ 2021: ਰਾਮ ਰਹੀਮ ਨੂੰ ਫਿਰ ਤੋਂ ਆਪਣੀ ਬੀਮਾਰ ਮਾਂ ਨੂੰ ਮਿਲਣ ਲਈ 12 ਘੰਟੇ ਦੀ ਪੈਰੋਲ ਦਿੱਤੀ ਗਈ।
7 ਫਰਵਰੀ 2022: ਗੁਰਮੀਤ ਰਾਮ ਰਹੀਮ ਨੂੰ ਆਪਣੇ ਪਰਿਵਾਰ ਨੂੰ ਮਿਲਣ ਲਈ 21 ਦਿਨਾਂ ਦੀ ਪੈਰੋਲ ਮਿਲੀ।
ਜੂਨ 2022: ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ। ਇਸ ਦੌਰਾਨ ਉਹ ਬਾਗਪਤ ਦੇ ਆਸ਼ਰਮ ‘ਚ ਰਿਹਾ।
14 ਅਕਤੂਬਰ 2022: 40 ਦਿਨਾਂ ਲਈ ਪੈਰੋਲ ਦਿੱਤੀ ਗਈ। ਬਾਗਪਤ ਦੇ ਆਸ਼ਰਮ ਤੋਂ 3 ਮਿਊਜ਼ਿਕ ਵੀਡੀਓ ਵੀ ਰਿਲੀਜ਼ ਕੀਤੇ।
21 ਜਨਵਰੀ 2023: ਰਾਮ ਰਹੀਮ ਨੂੰ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ ‘ਤੇ ਸ਼ਾਮਲ ਹੋਣ ਲਈ 40 ਦਿਨਾਂ ਦੀ ਪੈਰੋਲ ਮਿਲੀ।
20 ਜੁਲਾਈ 2023: ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ।
20 ਨਵੰਬਰ 2023: ਰਾਮ ਰਹੀਮ 21 ਦਿਨਾਂ ਲਈ ਜੇਲ੍ਹ ਤੋਂ ਬਾਹਰ ਆਇਆ।
19 ਜਨਵਰੀ 2024: ਰਾਮ ਰਹੀਮ ਨੂੰ 50 ਦਿਨਾਂ ਦੀ ਪੈਰੋਲ ਮਿਲੀ।