#Featured

ਰਾਮਗੜ੍ਹੀਆ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਦੂਸਰੀ ਮਿੱਤਰ ਮਿਲਣੀ

ਫਗਵਾੜਾ, 11 ਮਾਰਚ (ਪੰਜਾਬ ਮੇਲ)- ਰਾਮਗੜੀਆ ਕਾਲਜ ਫਗਵਾੜਾ ਦੇ ਪੁਰਾਣੇ ਵਿਦਿਆਰਥੀਆਂ ਵਲੋਂ ਬਣਾਈ ਗਈ ‘ਰਾਮਗੜੀਆ ਕਾਲਜ ਓਲਡ ਸਟੂਡੈਂਟਸ ਐਸੋਸੀਏਸ਼ਨ’ (‘ਰਕੋਸਾ’) ਦੀ ਛਨੀਵਾਰ ਰਾਤ ਨੂੰ ਦੂਸਰੀ ‘ਮਿੱਤਰ ਮਿਲਣੀ’ ਹੋਈ।
ਇਸ ਐਲੂਮਿਨੀ ‘ਮੈਗਾ ਮੀਟ’ ਵਿਚ ਆਪਣੇ ਆਪਣੇ ਖੇਤਰ ਵਿਚ ਮੱਲ੍ਹਾਂ ਮਾਰ ਚੁੱਕੇ ਅਤੇ ਹੁਣ ਸੇਵਾਮੁਕਤ ਹੋਏ ਵਿਦਿਆਰਥੀਆਂ ਨੇ ਆਪਣੇ ਕਾਲਜ ਦੇ ਸੁਹਾਣੇ, ਸੁੰਦਰ ਅਤੇ ਸਦਾ ਚੇਤੇ ਰਹਿਣ ਵਾਲੇ ਪਲਾਂ ਨੂੰ ਯਾਦ ਕਰਦਿਆਂ ਦਹਾਕਿਆਂ ਪਹਿਲਾਂ ਆਪਣੀ ਜਵਾਨੀ ਦੇ ਮਸਤ ਵੇਲਿਆਂ ਨੂੰ ਰੱਜ ਕੇ ਮਾਣਿਆਂ।
ਮਿਲਣੀ ਦਾ ਆਰੰਭ ਰਕੋਸਾ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਭੱਟੀ, ਸੇਵਾਮੁਕਤ ਐੱਸ.ਐੱਸ.ਪੀ. ਨੇ ਰਕੋਸਾ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸ ਕੇ ਕੀਤਾ।

ਪ੍ਰੋ. ਕੁਲਦੀਪ ਸਿੰਘ ਖਾਬੜਾ ਅਤੇ ਪ੍ਰੋ. ਸਾਗਰ ਸਿੰਘ ਨੂੰ ਸਨਮਾਨ ਚਿੰਨ੍ਹ ਭੇਟ ਕਰਦਿਆਂ ਰਕੋਸਾ ਦੇ ਅਹੁਦੇਦਾਰ।

ਉਨ੍ਹਾਂ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਕਿ ਰਕੋਸਾ ਨੇ ਆਪਣੇ ਪੁਰਾਣੇ ਕਾਲਜ ਦੇ ਮੌਜੂਦਾ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਤੋਂ ਇਲਾਵਾ ਕਾਲਜ ਦੀ ਦਿੱਖ ਨੂੰ ਖੂਬਸੂਰਤ ਬਨਾਉਣ ਲਈ ਚੱਲ ਰਹੇ ਪ੍ਰਾਜੈਕਟ ਲਈ ਵੀ ਪੰਜਾਹ ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਹੈ।
ਇਸ ਤੋਂ ਬਿਨਾਂ ਰਕੋਸਾ ਦੇ ਕੁਝ ਮੈਂਬਰਾਂ ਵਲੋਂ ਵਿਦਿਆਰਥੀਆਂ ਨੂੰ ਵਿਅਕਤੀਗਤ ਤੌਰ ‘ਤੇ ਵੀ ਸਹਾਇਤਾ ਦਿੱਤੀ ਗਈ।
ਇਸ ਮੌਕੇ ਕਾਲਜ ਦੇ ਸੇਵਾਮੁਕਤ ਦੋ ਪ੍ਰੋਫੈਸਰ ਸਾਹਿਬਾਨ ਪ੍ਰੋ. ਕੁਲਦੀਪ ਸਿੰਘ ਖਾਬੜਾ (ਕੈਮਿਸਟਰੀ) ਅਤੇ ਪ੍ਰੋ. ਸਾਗਰ ਸਿੰਘ (ਪੁਲਿਟੀਕਲ ਸਾਇੰਸ) ਨੂੰ ਸਨਮਾਨਤ ਕੀਤਾ ਗਿਆ। ਸਨਮਾਨ ਵਿਚ ਲੋਈ, ਮਮੈਂਟੋ ਅਤੇ ਸਾਈਟੇਸ਼ਨ ਸ਼ਾਮਲ ਹਨ।
ਦੋਵੇਂ ਪ੍ਰੋਫੈਸਰ ਅੱਜਕੱਲ੍ਹ ਬਦੇਸ਼ਾਂ ਵਿਚ ਸੈਟਲਡ ਹਨ।
ਪ੍ਰੋ. ਕੁਲਦੀਪ ਸਿੰਘ ਨੇ ‘ਹੋਮ ਸਿੱਕ’ (ਘਰ/ਵਤਨ ਦਾ ਹੇਰਵਾ) ਦੀ ਸੱਚਾਈ ਬਿਆਨਦਿਆਂ ‘ਰਕੋਸਾ’ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਨੂੰ ਭਵਿੱਖ ਲਈ ਸਹੀ ਦਿਸ਼ਾ ਦੇਣ ਲਈ ‘ਕੈਰੀਅਰ ਗਾਈਡੈਂਸ’ ਵੱਲ ਵੀ ਧਿਆਨ ਦੇਣਾ ਚਾਹੀਦੈ।
ਬਹੁਤ ਹੀ ਭਾਵੁਕ ਹੁੰਦਿਆਂ ਪ੍ਰੋ. ਸਾਗਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ‘ਰਕੋਸਾ’ ਦੇ ਸਮਾਗਮ ਵਿਚ ਆ ਕੇ ‘ਟੌਨਿਕ’ ਮਿਲੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਬਾਗ ਦਾ ਮਾਲੀ ਹੁੰਦਾ ਹੈ ਅਤੇ ਉਸ ਨੂੰ ਉਦੋਂ ਬਹੁਤ ਖੁਸ਼ੀ ਹੁੰਦੀ ਹੈ, ਜਦੋਂ ਉਸ ਦੇ ਲਾਏ/ਪਾਲੇ ਬੂਟੇ ਫੁੱਲ, ਫਲ ਅਤੇ ਖੂਸ਼ਬੂ ਬਖੇਰਦੇ ਹਨ।
ਉਨ੍ਹਾਂ ਹੋਰ ਕਿਹਾ, ”ਜੋ ਮੈਂ ਖੁਦ ਪ੍ਰਾਪਤੀਆਂ ਨਹੀਂ ਕਰ ਸਕਿਆ, ਮੇਰੇ ਵਿਦਿਆਰਥੀਆਂ ਨੇ ਕੀਤੀਆਂ, ਜਿਨ੍ਹਾਂ ਵਿਚ ਮੈਂ ਆਪਣੀਆਂ ਪ੍ਰਾਪਤੀਆਂ ਦੇਖਦਾ ਹਾਂ”।
ਪ੍ਰੋ. ਸਾਗਰ ਸਿੰਘ ਅਨੁਸਾਰ ਪੈਸੇ ਨਾਲੋਂ ਅਣਖੀ ਜੀਵਨ ਬਹੁਤ ਬਿਹਤਰ ਹੁੰਦੈ।
‘ਰਕੋਸਾ’ ਨੇ ਇਕ ਮਤੇ ਰਾਹੀਂ ਆਪਣੇ ਇਕ ਮੈਂਬਰ ਪ੍ਰੋ. ਸੀਤਲ ਸਿੰਘ ਰਿਆਤ ਦੇ ਵਿਛੋੜੇ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਸ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।
ਇਸ ਮੈਗਾ ਮੀਟ ਵਿਚ ਹੋਰਨਾਂ ਤੋਂ ਇਲਾਵਾ ਰਕੋਸਾ ਦੇ ਪ੍ਰਧਾਨ ਪ੍ਰਸਿੱਧ ਉਦਯੋਗਪਤੀ ਐੱਸ.ਪੀ. ਸੇਠੀ, ਸੀਨੀਅਰ ਉੱਪ ਪ੍ਰਧਾਨ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਬਲਬੀਰ ਸਿੰਘ ਸੂਦਨ, ਉੱਪ ਕੁਲਪਤੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਡਾ. ਧਰਮਜੀਤ ਸਿੰਘ ਪਰਮਾਰ, ਰਕੋਸਾ ਦੇ ਖਜ਼ਾਨਚੀ ਜਗਦੀਸ਼ ਮਹੇ, ਮੀਡੀਆ ਸਕੱਤਰ ਪ੍ਰੋ. ਜਸਵੰਤ ਸਿੰਘ ਗੰਡਮ, ਉਦਯੋਗਪਤੀ ਆਈ.ਪੀ. ਖੁਰਾਨਾ, ਸੇਵਾਮੁਕਤ ਕਰਨਲ ਵਰਿੰਦਰ ਜੋਨੇਜਾ, ਪ੍ਰਿੰ. ਪ੍ਰੇਮ ਪਾਲ ਪੱਬੀ, ਪ੍ਰਿੰਸੀਪਲ ਮਨਜੀਤ ਸਿੰਘ, ਸੇਵਾਮੁਕਤ ਕਮਾਂਡੈਂਟ ਗਿਆਨ ਸਿੰਘ, ਪ੍ਰੋ. ਅਸ਼ੋਕ ਚੱਢਾ, ਡਾਇਰੈਕਟਰ (ਰਿ.) ਡੀ.ਐੱਸ. ਜੱਸਲ, ਮਹਿੰਦਰ ਸਿੰਘ ਦੋਸਾਂਝ, ਡਾ. ਸੁਮਨ, ਸਮਾਜ ਸੇਵਕ ਮਲਕੀਤ ਰਘਬੋਤਰਾ, ਹਰਬੰਸ ਲਾਲ, ਐੱਨ.ਆਰ.ਆਈਜ਼ ਵਿਨੋਦ ਓਹਰੀ, ਪਵਿੱਤਰ ਸਿੰਘ ਵਿਰਦੀ, ਜਸਪਾਲ ਸਿੰਘ, ਐਡਵੋਕੇਟ ਨਿਰਵੈਰ ਸਿੰਘ, ਅਵਤਾਰ ਸਿੰਘ ਤਾਰੀ ਸ਼ਾਮਲ ਸਨ।
ਸੁਆਦਲੇ ਖਾਣੇ ਅਤੇ ਨਾਚ-ਗਾਣੇ ਉਪਰੰਤ ‘ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ’ ਦੀਆਂ ਮਨੋਬਿਰਤੀਆਂ ਨਾਲ ਇਹ ਮਿੱਤਰ-ਮਿਲਣੀ ਅਗਲੀ ਵਾਰ ਫਿਰ ਮਿਲਣ ਦੇ ਵਾਅਦੇ ਨਾਲ ਮੁਕੰਮਲ ਹੋਈ।