ਮੋਹਾਲੀ, 24 ਮਾਰਚ (ਪੰਜਾਬ ਮੇਲ)- 15 ਦਸੰਬਰ ਨੂੰ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਹੋਏ ਕਤਲ ਮਾਮਲੇ ‘ਚ ਮੋਹਾਲੀ ਪੁਲਿਸ ਵਲੋਂ 8 ਮੁਲਜ਼ਮਾਂ ਜੁਗਰਾਜ ਸਿੰਘ, ਐਸ਼ਦੀਪ, ਮਨਦੀਪ ਸਿੰਘ ਮੋਟਾ, ਗਗਨਦੀਪ ਸਿੰਘ, ਅਕਾਸ਼ਦੀਪ, ਤਰਨਦੀਪ, ਦਵਿੰਦਰ ਉਰਫ਼ ਟਿੱਕਾ ਟੈਕਸੀ ਚਾਲਕ ਅਤੇ ਸ਼ੂਟਰ ਕਰਨ ਪਾਠਕ ਖ਼ਿਲਾਫ਼ ਕਤਲ ਸਮੇਤ ਹੋਰਨਾਂ ਧਾਰਾਵਾਂ ਦੇ ਤਹਿਤ ਇਲਾਕਾ ਮੈਜਿਸਟ੍ਰੇਟ ਸੰਗਮ ਕੌਸ਼ਲ ਦੀ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਪੁਲਿਸ ਵਲੋਂ 350 ਪੰਨਿਆਂ ਦੀ ਇਸ ਚਾਰਜਸ਼ੀਟ ‘ਚ 55 ਦੇ ਕਰੀਬ ਗਵਾਹ ਰੱਖੇ ਗਏ ਹਨ। ਪੁਲਿਸ ਵਲੋਂ ਇਸ ਮਾਮਲੇ ‘ਚ ਸ਼ੂਟਰ ਅੱਦਿਤਿਆ ਕਪੂਰ, ਗੈਂਗਸਟਰ ਬਲਜਿੰਦਰ ਡੋਨੀ ਬੱਲ, ਅਰਵਿੰਦਰ ਸਿੰਘ, ਜਸ਼ਦੀਪ ਅਤੇ ਅਰਵਿੰਦਰਜੀਤ ਉਰਫ਼ ਮਨੀ ਖ਼ਿਲਾਫ਼ ਅਰੈਸਟ ਵਾਰੰਟ ਜਾਰੀ ਕਰਵਾਏ ਗਏ ਹਨ। ਇਸ ਮਾਮਲੇ ‘ਚ ਪੁਲਿਸ ਵਲੋਂ ਮਿੱਢੀ ਨਾਂ ਦੇ ਨੌਜਵਾਨ ਨੂੰ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ ਦੱਸਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਮੋਹਾਲੀ ਦੇ ਸੋਹਾਣਾ ਇਲਾਕੇ ‘ਚ 4 ਦਿਨਾਂ ਕਬੱਡੀ ਮੈਚ ਚੱਲ ਰਿਹਾ ਸੀ। ਇਸ ਦੌਰਾਨ ਕਰਨ ਪਾਠਕ ਸ਼ੂਟਰ, ਅਕਾਸ਼ਦੀਪ, ਤਰਨਦੀਪ ਅਤੇ ਅੱਦਿੱਤਿਆ ਕਪੂਰ ਉਕਤ ਕਬੱਡੀ ਕੱਪ ‘ਚ ਪਹੁੰਚੇ ਅਤੇ ਉਹ ਰਾਣਾ ਬਲਾਚੌਰੀਆ ਦੇ ਸਿਰ ‘ਚ ਗੋਲੀ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ ਸਨ। ਰਾਣਾ ਬਲਾਚੌਰੀਆ ਨੂੰ ਮੋਹਾਲੀ ਦੇ ਇਕ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਰਾਣਾ ਬਲਾਚੌਰੀਆ ਦੀ ਮੌਤ ਹੋ ਗਈ। ਹਮਲਾਵਰ ਸੈਲਫੀ ਲੈਣ ਦੇ ਬਹਾਨੇ ਰਾਣਾ ਬਲਾਚੌਰੀਆ ਦੇ ਨੇੜੇ ਆਏ ਅਤੇ ਇਸ ਦੌਰਾਨ ਉਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਕਤਲ ਦੀ ਵਾਰਦਾਤ ਤੋਂ ਕੁੱਝ ਦੇਰ ਬਾਅਦ ਉਕਤ ਕਬੱਡੀ ਮੈਚ ‘ਚ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਵੀ ਆਉਣਾ ਸੀ, ਕਿਉਂਕਿ ਇਸ ਕਬੱਡੀ ਟੂਰਨਾਮੈਂਟ ਦੇ ਪ੍ਰਬੰਧਕ ਰੂਪਾ ਸੋਹਾਣਾ ਦੇ ਮਨਕੀਰਤ ਔਲਖ ਨਾਲ ਨੇੜਲੇ ਸਬੰਧ ਹਨ।
ਰਾਣਾ ਬਲਾਚੋਰੀਆ ਦਾ ਪੂਰਾ ਨਾਮ ਕੰਵਰ ਦਿਗਵਿਜੇ ਸਿੰਘ ਹੈ, ਜੋ ਕਿ ਇਕ ਕਬੱਡੀ ਪ੍ਰਮੋਟਰ ਹੈ ਅਤੇ ਖਿਡਾਰੀਆਂ ਨੂੰ ਮੈਚ ਖਿਡਾਉਣ ਲਈ ਲੈ ਕੇ ਆਉਂਦਾ ਸੀ। ਉਹ ਕਬੱਡੀ ਖਿਡਾਰੀ ਹੋਣ ਦੇ ਨਾਲ-ਨਾਲ ਐਕਟਿੰਗ ਵੀ ਕਰਦਾ ਸੀ। ਰਾਣਾ ਬਲਾਚੌਰੀਆ ਦਾ ਕਤਲ ਤੋਂ ਕਰੀਬ 10 ਦਿਨ ਪਹਿਲਾਂ ਵਿਆਹ ਹੋਇਆ ਸੀ। ਉਹ ਮੂਲ ਰੂਪ ‘ਚ ਬਲਾਚੌਰ ਦਾ ਰਹਿਣ ਵਾਲਾ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ‘ਤੇ ਬੰਬੀਹਾ ਗੈਂਗ ਨੇ ਲਈ ਸੀ।
ਰਾਣਾ ਬਲਾਚੌਰੀਆ ਕਤਲ ਮਾਮਲਾ : 8 ਮੁਲਜ਼ਮਾਂ ਖਿਲਾਫ ਚਾਰਜਸ਼ੀਟ ਦਾਖਲ

