ਜਲੰਧਰ, 12 ਜਨਵਰੀ (ਪੰਜਾਬ ਮੇਲ)- ਰਾਣਾ ਬਲਾਚੌਰੀਆ ਕਤਲ ਦੇ ਮਾਮਲੇ ਵਿਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਪੁਲਿਸ ਨੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਸ਼ੂਟਰਾਂ ਨੂੰ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਸ਼ੂਟਰਾਂ ਦੀ ਪਛਾਣ ਕਰਨ ਪਾਠਕ ਤੇ ਤਰਨਦੀਪ ਸਿੰਘ ਵਜੋਂ ਹੋਈ ਹੈ। ਇਹ ਕਾਰਵਾਈ ਪੱਛਮੀ ਬੰਗਾਲ ਐੱਸ.ਟੀ.ਐੱਫ਼, ਸੈਂਟਰਲ ਏਜੰਸੀਆਂ ਦੀ ਮਦਦ ਨਾਲ ਕੀਤੀ ਗਈ ਹੈ।
ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਪੰਜਾਬ, ਮਹਾਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ ਅਤੇ ਸਿੱਕਮ ਵਿਚ ਕਾਰਵਾਈਆਂ ਦੌਰਾਨ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਵਿਚ ਸਿੱਕਮ ਪੁਲਿਸ, ਮੁੰਬਈ ਪੁਲਿਸ, ਪੱਛਮੀ ਬੰਗਾਲ ਸਪੈਸ਼ਲ ਟਾਸਕ ਫੋਰਸ, ਕੇਂਦਰੀ ਏਜੰਸੀਆਂ ਅਤੇ ਹਾਵੜਾ ਵਿਚ ਸਥਾਨਕ ਪੁਲਿਸ ਦੀ ਮਦਦ ਲਈ ਸੀ। ਇਸ ਤੋਂ ਇਲਾਵਾ ਵਿਦੇਸ਼ੀ ਹੈਂਡਲਰ ਅਮਰ ਖਾਬੇ ਰਾਜਪੂਤਾ ਦੇ ਨਜ਼ਦੀਕੀ ਰਿਸ਼ਤੇਦਾਰ ਆਕਾਸ਼ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 15 ਦਸੰਬਰ 2025 ਦੀ ਸ਼ਾਮ ਨੂੰ ਮੋਹਾਲੀ ਦੇ ਸੋਹਾਣਾ ਵਿਚ ਟੂਰਨਾਮੈਂਟ ਦੌਰਾਨ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਮਲਾਵਰ ਮੋਟਰਸਾਈਕਲ ਉੱਤੇ ਆਏ ਸਨ ਅਤੇ ਉਨ੍ਹਾਂ ਨੇ ਰਾਣਾ ਨੂੰ ਸੈਲਫੀ ਲੈਣ ਲਈ ਰੋਕਿਆ ਸੀ, ਜਿਵੇਂ ਹੀ ਉਹ ਰੁਕਿਆ, ਤਾਂ ਉਸ ਉੱਤੇ ਨੇੜਿਓਂ ਫਾਇਰ ਕੀਤੇ ਗਏ ਅਤੇ ਹਮਲਾਵਰ ਮੋਟਰਸਾਈਕਲਾਂ ‘ਤੇ ਫ਼ਰਾਰ ਹੋ ਗਏ। ਪੁਲਿਸ ਮੁਤਾਬਕ ਦੋ ਸ਼ੂਟਰਾਂ ਦੀ ਪਛਾਣ ਆਦਿੱਤਿਆ ਕਪੂਰ ਉਰਫ਼ ਮੱਖਣ ਅਤੇ ਅੰਮ੍ਰਿਤਸਰ ਦੇ ਕਰਨ ਪਾਠਕ ਵਜੋਂ ਹੋਈ ਸੀ, ਜੋ ਕਿ ਡੌਨੀ ਬੱਲ ਗੈਂਗ ਨਾਲ ਸੰਬੰਧ ਰੱਖਦੇ ਹਨ। ਪੁਲਿਸ ਮੁਤਾਬਕ ਵਾਰਦਾਤ ਵਿਚ ਦੋ ਸ਼ੂਟਰਾਂ ਸਣੇ ਕੁਲ 3 ਜਣੇ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਮੋਹਾਲੀ ਦੇ ਸੋਹਾਣਾ ਵਿਖੇ ਬੀਤੇ ਦਿਨੀਂ ਹੀ ਗੋਲ਼ੀਆਂ ਮਾਰ ਕੇ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਕਤਲ ਕਰਨ ਵਾਲੇ ਇਕ ਸ਼ੱਕੀ ਸ਼ੂਟਰ ਦਾ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਸੀ। ਪੁਲਿਸ ਨੇ ਕਨਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਕਤਲਕਾਂਡ ਦੇ ਸ਼ੂਟਰ ਦਾ ਮੋਹਾਲੀ ਦੇ ਲਾਲੜੂ ਵਿਖੇ ਐਨਕਾਊਂਟਰ ਕੀਤਾ ਅਤੇ ਉਸ ਨੂੰ ਢੇਰ ਕਰ ਦਿੱਤਾ ਸੀ। ਸ਼ੂਟਰ ਦੀ ਪਛਾਣ ਨੌਸ਼ਹਿਰਾ ਪੰਨੂਆਂ, ਤਰਨਤਾਰਨ ਦੇ ਰਹਿਣ ਵਾਲੇ ਹਰਪਿੰਦਰ ਉਰਫ਼ ਮਿੱੜੂ ਵਜੋਂ ਹੋਈ ਸੀ। ਮੁਲਜ਼ਮ ਨੂੰ ਪੁਲਿਸ ਟੀਮ ਨਾਲ ਹੋਏ ਮੁਕਾਬਲੇ ਦੌਰਾਨ ਕਾਬੂ ਕੀਤਾ ਗਿਆ। ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਉਸ ਨੇ ਦਮ ਤੋੜ ਦਿੱਤਾ।
ਰਾਣਾ ਬਲਾਚੌਰੀਆ ਕਤਲ ਮਾਮਲਾ : ਦੋ ਸ਼ੂਟਰ ਗ੍ਰਿਫਤਾਰ

