– ਗਾਇਕ ਮਨਕੀਰਤ ਔਲਖ ਨਹੀਂ ਸੀ ਟਾਰਗੇਟ
– ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਕੋਈ ਸਬੰਧ ਨਹੀਂ
ਮੋਹਾਲੀ, 17 ਦਸੰਬਰ (ਪੰਜਾਬ ਮੇਲ)- ਸੋਹਾਣਾ ਵਿਚ ਕਬੱਡੀ ਮੈਚ ਦੌਰਾਨ ਸੋਮਵਾਰ ਸ਼ਾਮ ਨੂੰ ਗੋਲੀਆਂ ਮਾਰ ਕੇ ਰਾਣਾ ਬਲਾਚੌਰੀਆ ਦੀ ਹੱਤਿਆ ਦੇ ਪਿੱਛੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਕੋਈ ਸਬੰਧ ਨਹੀਂ ਹੈ। ਹਮਲਾਵਰ ਬਲਾਚੌਰੀਆ ਨੂੰ ਮਾਰਨ ਆਏ ਸਨ ਅਤੇ ਮਨਕੀਰਤ ਔਲਖ ਦਾ ਪ੍ਰੋਗਰਾਮ ਵਿਚ ਆਉਣਾ ਸੀ ਪਰ ਉਹ ਇਸ ਹਮਲੇ ਦਾ ਨਿਸ਼ਾਨਾ (ਟਾਰਗੇਟ) ਨਹੀਂ ਸਨ। ਇਹ ਜਾਣਕਾਰੀ ਮੋਹਾਲੀ ਦੇ ਐੱਸ.ਐੱਸ.ਪੀ. ਹਰਮਨਦੀਪ ਸਿੰਘ ਹੰਸ ਨੇ ਦਿੱਤੀ।
ਪ੍ਰੈਸ ਕਾਨਫਰੰਸ ਵਿਚ ਐੱਸ.ਐੱਸ.ਪੀ. ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਜਿਨ੍ਹਾਂ ਲੋਕਾਂ ਦੇ ਨਾਮ ਹੈਸ਼ਟੈਗ ਦੇ ਨਾਲ ਸਾਹਮਣੇ ਆ ਰਹੇ ਹਨ, ਫਿਲਹਾਲ ਜਾਂਚ ਵਿਚ ਉਹੀ ਜ਼ਿੰਮੇਵਾਰ ਮੰਨੇ ਜਾ ਰਹੇ ਹਨ। ਘਟਨਾ ਦੇ ਸਮੇਂ ਪਹਿਲਾਂ ਹੀ ਕਈ ਮੰਤਰੀ ਅਤੇ ਸੀਨੀਅਰ ਪੁਲਿਸ ਅਧਿਕਾਰੀ ਵੀ ਪ੍ਰੋਗਰਾਮ ਵਾਲੀ ਥਾਂ ‘ਤੇ ਮੌਜੂਦ ਸਨ। ਹੁਣ ਤੱਕ ਕੀਤੀ ਗਈ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਘਟਨਾ ਦੇ ਸਮੇਂ ਕਾਫ਼ੀ ਭੀੜ ਸੀ। ਹਮਲਾਵਰਾਂ ਨੂੰ ਰੇਕੀ ਦਾ ਜ਼ਿਆਦਾ ਸਮਾਂ ਨਹੀਂ ਮਿਲਿਆ। ਜਦੋਂ ਰਾਣਾ ਬਲਾਚੌਰੀਆ ਨੂੰ ਸੈਲਫੀ ਲਈ ਰੋਕਿਆ ਗਿਆ, ਉਸੇ ਦੌਰਾਨ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ।
ਐੱਸ.ਐੱਸ.ਪੀ. ਨੇ ਦੱਸਿਆ ਕਿ ਵਾਰਦਾਤ ਵਿਚ ਦੋ ਸ਼ੂਟਰ ਸ਼ਾਮਲ ਸਨ, ਆਦਿਤਿਆ ਕਪੂਰ ਅਤੇ ਕਰਨ ਪਾਠਕ ਨਾਮ ਸਾਹਮਣੇ ਆਇਆ ਹੈ। ਇੱਕ ਹੋਰ ਵਿਅਕਤੀ ਦੀ ਭੂਮਿਕਾ ਵੱਖਰੀ ਸੀ। 30 ਬੋਰ ਦੀ ਪਿਸਤੌਲ ਦਾ ਇਸਤੇਮਾਲ ਕੀਤਾ ਗਿਆ। ਮਾਮਲੇ ਦੀ ਜਾਂਚ ਲਈ ਕੁੱਲ 12 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵਿਚ ਅੰਮ੍ਰਿਤਸਰ ਅਤੇ ਦਿੱਲੀ ਦੀਆਂ ਟੀਮਾਂ ਵੀ ਸ਼ਾਮਲ ਹਨ। ਤਕਨੀਕੀ ਟੀਮ ਵੱਖਰੇ ਤੌਰ ‘ਤੇ ਕੰਮ ਕਰ ਰਹੀ ਹੈ।
ਰਾਣਾ ਬਲਾਚੌਰੀਆ ਕਤਲ ਕੇਸ ‘ਚ ਕਈ ਅਹਿਮ ਖ਼ੁਲਾਸੇ

