#PUNJAB

ਰਾਜਾ ਵੜਿੰਗ ਅਤੇ ਚਰਨਜੀਤ ਚੰਨੀ ਵਿਚਾਲੇ ਬਣੇ ’36 ਦੇ ਅੰਕੜੇ’ ਨੇ ਕਾਂਗਰਸ ਦੀ ਬੇੜੀ ਡੋਬੀ

-2027 ਦੀਆਂ ਵਿਧਾਨ ਸਭਾ ਚੋਣਾਂ ‘ਚ ਖੁਦ ਨੂੰ ਭਵਿੱਖ ਦੇ ਮੁੱਖ ਮੰਤਰੀ ਵਜੋਂ ਦੇਖ ਰਹੇ ਹਨ
ਜਲੰਧਰ, 15 ਜੁਲਾਈ (ਪੰਜਾਬ ਮੇਲ)- ਪੱਛਮੀ ਵਿਧਾਨ ਸਭਾ ਹਲਕੇ ਦੀ ਉਪ-ਚੋਣ ‘ਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਦਾ ਭਾਂਡਾ ਹੁਣ ਦੂਸਰਿਆਂ ਦੇ ਸਿਰ ਭੰਨ੍ਹਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਪਰ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਖੁਦ ਨੂੰ ਭਵਿੱਖ ਦੇ ਮੁੱਖ ਮੰਤਰੀ ਦੇ ਤੌਰ ‘ਤੇ ਵੇਖ ਰਹੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵਿਚਾਲੇ ਬਣੇ ’36 ਦੇ ਅੰਕੜੇ’ ਅਤੇ ਗਲਬੇ ਦੀ ਲੜਾਈ ਨੇ ਕਾਂਗਰਸ ਦੀ ਬੇੜੀ ਡੁਬੋਣ ‘ਚ ਵੱਡਾ ਰੋਲ ਅਦਾ ਕੀਤਾ ਹੈ।
ਹਾਲਾਂਕਿ ਇਹ ਲੜਾਈ ਕਿਸੇ ਜਨਤਕ ਪਲੇਟਫਾਰਮ ‘ਤੇ ਸਾਹਮਣੇ ਨਹੀਂ ਆਈ ਪਰ ਲੋਕ ਸਭਾ ਚੋਣਾਂ ਦੇ 4 ਜੂਨ ਨੂੰ ਨਤੀਜੇ ਆਉਣ ਤੋਂ ਬਾਅਦ ਅਚਾਨਕ 10 ਜੂਨ ਨੂੰ ਪੰਜਾਬ ‘ਚ ਸਿਰਫ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ-ਚੋਣ ਦੇ ਐਲਾਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਸਾਰੀਆਂ ਸਿਆਸੀ ਪਾਰਟੀਆਂ ਉਪ-ਚੋਣ ਨੂੰ ਲੈ ਕੇ ਜ਼ੋਰ-ਸ਼ੋਰ ਨਾਲ ਜੁੱਟ ਗਈਆਂ। ਕਾਂਗਰਸ ਨੇ 19 ਜੂਨ ਨੂੰ ਨਗਰ ਨਿਗਮ ਦੀ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ, ਜਿਸ ਤੋਂ ਬਾਅਦ ਹਲਕੇ ‘ਚ ਚੋਣ ਪ੍ਰਚਾਰ ਸ਼ੁਰੂ ਹੋ ਗਿਆ।
ਇਸ ਤੋਂ ਪਹਿਲਾਂ ਹੀ ਸੰਸਦ ਮੈਂਬਰ ਚਰਨਜੀਤ ਚੰਨੀ ਨੇ ਪੰਜਾਬ ਵਿਧਾਨ ਸਭਾ ਦੇ ਉਪ-ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਮੀਟਿੰਗ ਕਰਕੇ ਜਲੰਧਰ ਦੇ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀ ਹਾਜ਼ਰੀ ‘ਚ ਉਨ੍ਹਾਂ ਦੀ ਇਸ ਉਪ-ਚੋਣ ਨੂੰ ਲੈ ਕੇ ਡਿਊਟੀ ਲਾ ਦਿੱਤੀ।
11 ਜੁਲਾਈ ਨੂੰ ਰਾਜਾ ਵੜਿੰਗ ਨੇ ਜਲੰਧਰ ‘ਚ ਡੇਰਾ ਲਾਉਂਦੇ ਹੋਏ ਪੰਜਾਬ ਦੇ ਵਿਧਾਇਕਾਂ, ਸਾਬਕਾ ਵਿਧਾਇਕਾਂ, ਸੂਬਾ ਕਾਂਗਰਸ ਦੇ ਅਹੁਦੇਦਾਰਾਂ ਦੀ ਹਲਕੇ ਦੇ ਸਾਰੇ 181 ਬੂਥਾਂ ‘ਤੇ ਉਨ੍ਹਾਂ ਦੀਆਂ ਡਿਊਟੀਆਂ ਲਾ ਦਿੱਤੀਆਂ।
ਇਸ ‘ਤੇ ਚੰਨੀ ਨੇ ਆਪਣਾ ਇਤਰਾਜ ਜ਼ਾਹਿਰ ਕਰਦੇ ਹੋਏ ਕਿਹਾ ਕਿ ਮੇਰੇ ਸੰਸਦੀ ਹਲਕੇ ‘ਚ ਮੈਂ ਜੇ ਪਹਿਲਾਂ ਹੀ ਚੋਣ ਪ੍ਰਚਾਰ ਨੂੰ ਲੈ ਕੇ ਡਿਊਟੀਆਂ ਨਿਰਧਾਰਤ ਕਰ ਦਿੱਤੀਆਂ ਹਨ, ਅਜਿਹੇ ‘ਚ ਸੂਬਾ ਪ੍ਰਧਾਨ ਉਨ੍ਹਾਂ ਉੱਤੇ ਆਪਣੀ ਫੌਜ ਨੂੰ ਚੋਣ ‘ਚ ਕਿਉਂ ਧੱਕ ਰਹੇ ਹਨ।
ਸੂਤਰਾਂ ਦੀ ਮੰਨੀਏ, ਤਾਂ ਰਾਜਾ ਵੜਿੰਗ ਦੇ ਦਖਲ ਨੂੰ ਵੇਖ ਕੇ ਸੰਸਦ ਮੈਂਬਰ ਚੰਨੀ ਨੇ ਇਕ ਵਾਰ ਤਾਂ ਚੋਣ ਪ੍ਰਚਾਰ ਤੋਂ ਕਦਮ ਪਿੱਛੇ ਖਿੱਚ ਲੈਣ ਤੱਕ ਦੀ ਧਮਕੀ ਦੇ ਦਿੱਤੀ ਸੀ। ਉੱਥੇ ਹੀ, ਰਾਜਾ ਵੜਿੰਗ ਨੇ 66 ਫੁੱਟ ਰੋਡ ‘ਤੇ ਸਥਿਤ ਇਕ ਰਿਜ਼ਾਰਟ ‘ਚ ਪ੍ਰਦੇਸ਼ ਕਾਂਗਰਸ ਦੀ ਮੀਟਿੰਗ ਬੁਲਾਈ, ਜਿਸ ‘ਚ ਬਾਜਵਾ ਸਮੇਤ ਸਾਰੇ ਸੀਨੀਅਰ ਨੇਤਾ ਅਤੇ ਅਹੁਦੇਦਾਰ ਮੌਜੂਦ ਰਹੇ। ਸੰਸਦ ਮੈਂਬਰ ਚੰਨੀ ਇਸ ਮੀਟਿੰਗ ਦਾ ਬਾਈਕਾਟ ਕਰਨ ਦਾ ਮਨ ਬਣਾਏ ਹੋਏ ਸਨ ਕਿ ਉਨ੍ਹਾਂ ਦੇ ਕੁਝ ਕਰੀਬੀਆਂ ਦੀ ਅਜਿਹਾ ਨਾ ਕਰਨ ਦੀ ਸਲਾਹ ‘ਤੇ ਉਹ ਮੀਟਿੰਗ ‘ਚ ਸ਼ਾਮਲ ਹੋਏ।
ਕਾਂਗਰਸ ਦੇ ਸਿਆਸੀ ਗਲਿਆਰਾਂ ‘ਚ ਜੱਗ-ਜ਼ਾਹਿਰ ਹੈ ਕਿ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਚੰਨੀ ਵਿਚਾਲੇ ਪੂਰੇ ਚੋਣ ਪ੍ਰਚਾਰ ਦੌਰਾਨ ’36 ਦਾ ਅੰਕੜਾ’ ਬਣਿਆ ਰਿਹਾ। ਹਾਲਾਤ ਅਜਿਹੇ ਬਣ ਗਏ ਕਿ ਹਲਕੇ ‘ਚ ਚੋਣ ਪ੍ਰਚਾਰ ਦੌਰਾਨ ਦੋਵੇਂ ਨੇਤਾ ਇਕ-ਦੂਜੇ ਨੂੰ ਵੇਖਣਾ ਤੱਕ ਪਸੰਦ ਨਹੀਂ ਕਰਦੇ ਸਨ। ਦੋਵੇਂ ਇਕ-ਦੂਜੇ ਦੇ ਚੋਣ ਪ੍ਰਚਾਰ ਪ੍ਰੋਗਰਾਮਾਂ ਨੂੰ ਹਾਈਜੈਕ ਕਰਨ ‘ਚ ਜੁਟੇ ਰਹੇ ਅਤੇ ਸਮਾਨੰਤਰ ਰੈਲੀਆਂ ਕਰ ਰਹੇ ਸਨ।
ਅਜਿਹੇ ਹਾਲਾਤਾਂ ‘ਚ ਹਲਕੇ ਦੀ ਚੋਣ ਮੁਹਿੰਮ ਕਈਆਂ ਧੜਿਆਂ ‘ਚ ਵੰਡੀ ਗਈ, ਕਾਂਗਰਸ ਦੀ ਅੰਦਰੂਨੀ ਧੜੇਬਾਜ਼ੀ ਇਸ ਸਿਖਰ ‘ਤੇ ਪੰਹੁਚ ਗਈ ਕਿ ਜ਼ਿਲ੍ਹਾ ਅਤੇ ਸੂਬੇ ਭਰ ਤੋਂ ਆਏ ਅਨੇਕਾਂ ਨੇਤਾ ਆਪਣਾ ਬਚਾਅ ਕਰਦੇ ਰਹੇ।
ਹਾਲਾਤ ਇੰਨੇ ਖਰਾਬ ਹੋ ਗਏ ਕਿ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਚੰਨੀ ਨੇ ਸ਼ਾਇਦ ਹੀ ਕੋਈ ਪ੍ਰੋਗਰਾਮ ਸਾਂਝਾ ਕੀਤਾ ਹੋਵੇ।