#INDIA

ਰਾਜਸਥਾਨ ਹਾਈਕੋਰਟ ਵੱਲੋਂ ਆਸਾਰਾਮ ਨੂੰ ਮੈਡੀਕਲ ਆਧਾਰ ‘ਤੇ 6 ਮਹੀਨੇ ਲਈ ਅੰਤਰਿਮ ਜ਼ਮਾਨਤ

ਜੈਪੁਰ, 3 ਨਵੰਬਰ (ਪੰਜਾਬ ਮੇਲ)- ਜਬਰ-ਜਨਾਹ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਰਾਜਸਥਾਨ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਆਸਾਰਾਮ ਨੂੰ ਮੈਡੀਕਲ ਆਧਾਰ ‘ਤੇ ਛੇ ਮਹੀਨਿਆਂ ਲਈ ਅੰਤਰਿਮ ਜ਼ਮਾਨਤ ਦੇ ਦਿੱਤੀ। ਇਸ ਵਾਰ ਜਮਾਨਤ ਵਿਚ ਆਸਾਰਾਮ ਦੀ ਸਿਹਤ ਸਥਿਤੀ ਨੂੰ ਵੇਖਦੇ ਹੋਏ ਜਮਾਨਤ ਮਿਆਦ ਵਿਚ ਉਸ ਦੇ ਨਾਲ ਤਿੰਨ ਪੁਲਿਸ ਮੁਲਾਜਮ ਰੱਖਣ ਦੀ ਸ਼ਰਤ ਹਟਾਈ ਗਈ ਹੈ, ਜਿਸ ਕਾਰਨ ਆਸਾਰਾਮ ਨਾਲ ਹੁਣ ਜਮਾਨਤ ਦੌਰਾਨ ਪੁਲਿਸ ਨਾਲ ਨਹੀਂ ਰਹੇਗੀ। ਕਾਰਜਕਾਰੀ ਚੀਫ਼ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਦੀ ਅਗਵਾਈ ਵਾਲੀ ਡਿਵੀਜ਼ਨ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਆਸਾਰਾਮ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ।
ਆਸਾਰਾਮ ਇਸ ਵੇਲੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹੈ। ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਆਸਾਰਾਮ ਨੇ ਰੈਗੂਲਰ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਉਹ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਜਨਵਰੀ ਦੇ ਸ਼ੁਰੂ ਵਿਚ ਸੁਪਰੀਮ ਕੋਰਟ ਨੇ ਆਸਾਰਾਮ ਨੂੰ 2013 ਦੇ ਬਲਾਤਕਾਰ ਦੇ ਮਾਮਲੇ ਵਿਚ ਮੈਡੀਕਲ ਆਧਾਰ ‘ਤੇ ਮਾਰਚ ਦੇ ਅੰਤ ਤੱਕ ਅੰਤਰਿਮ ਜ਼ਮਾਨਤ ਦਿੱਤੀ ਸੀ। ਸੁਪਰੀਮ ਕੋਰਟ ਦੇ ਬੈਂਚ ਨੇ ਫਿਰ ਨੋਟ ਕੀਤਾ ਕਿ ਆਸਾਰਾਮ ਨੂੰ ਉਮਰ ਨਾਲ ਸਬੰਧਤ ਕਈ ਸਿਹਤ ਸਮੱਸਿਆਵਾਂ ਹਨ ਅਤੇ ਉਸ ਨੂੰ ਦੋ ਦਿਲ ਦੇ ਦੌਰੇ ਪਏ ਹਨ।
ਆਸਾਰਾਮ ਅਗਸਤ 2013 ਤੋਂ ਇੱਕ ਸਕੂਲੀ ਵਿਦਿਆਰਥਣ ਨਾਲ ਬਲਾਤਕਾਰ ਦੇ ਦੋਸ਼ ਵਿਚ ਜੇਲ੍ਹ ਵਿਚ ਹੈ। ਉਸ ਨੂੰ 16 ਸਾਲ ਦੀ ਕੁੜੀ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਦੋ ਮਹੀਨੇ ਬਾਅਦ ਆਸਾਰਾਮ ਅਤੇ ਉਸਦੇ ਪੁੱਤਰ ਨਾਰਾਇਣ ਸਾਈਂ ‘ਤੇ ਗੁਜਰਾਤ ਦੇ ਸੂਰਤ ਸਥਿਤ ਆਪਣੇ ਆਸ਼ਰਮ ਵਿਚ ਦੋ ਭੈਣਾਂ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਗਿਆ।