ਨਵੀਂ ਦਿੱਲੀ, 2 ਦਸੰਬਰ (ਪੰਜਾਬ ਮੇਲ)- ਰਾਜਧਾਨੀ ਦਿੱਲੀ ਵਿਚ ਮਨੀਪੁਰ ਵਾਸੀ ਇਕ ਵਿਅਕਤੀ ਅਤੇ ਉਸ ਦੀ ਪਤਨੀ ਤੇ ਭੈਣ ਦੀ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਮਗਰੋਂ ਪੁਲਿਸ ਹਰਕਤ ਵਿਚ ਆ ਗਈ ਹੈ। ਪੁਲਿਸ ਨੇ ਦੱਸਿਆ ਕਿ ਪੀੜਤਾਂ ਅਨੁਸਾਰ ਉਹ ਮੈਤੇਈ ਭਾਈਚਾਰੇ ਨਾਲ ਸਬੰਧਤ ਹਨ ਤੇ ਵਿਰੋਧੀ ਧਿਰ ਵੱਲੋਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਹੈ। ਇਹ ਘਟਨਾ ਦੱਖਣ-ਪੂਰਬੀ ਦਿੱਲੀ ਦੀ ਸਨਲਾਈਟ ਕਲੋਨੀ ਵਿਚ ਵੀਰਵਾਰ ਦੇਰ ਸ਼ਾਮ ਨੂੰ ਵਾਪਰੀ ਸੀ।
ਪੁਲਿਸ ਅਨੁਸਾਰ ਕੁੱਟਮਾਰ ਦਾ ਸ਼ਿਕਾਰ ਹੋਏ ਤਿੰਨੋਂ ਪਰਿਵਾਰਕ ਮੈਂਬਰ ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਆਪਣੇ ਕਿਸੇ ਮਿੱਤਰ ਨੂੰ ਘਰ ਛੱਡਣ ਜਾ ਰਹੇ ਸਨ। ਰਸਤੇ ਵਿਚ ਤਿੰਨ ਅਣਪਛਾਤੇ ਵਿਅਕਤੀਆਂ, ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਸੀ, ਨੇ ਪੀੜਤ ਧਿਰ ਨੂੰ ਮੁਨੀਰਕਾ ਜਾਣ ਵਾਸਤੇ ਆਨਲਾਈਨ ਕੈਬ ਬੁੱਕ ਕਰਵਾਉਣ ਲਈ ਕਿਹਾ ਕਿਉਂਕਿ ਉਨ੍ਹਾਂ ਦੇ ਫੋਨ ਦੀ ਬੈਟਰੀ ਖਤਮ ਹੋ ਚੁੱਕੀ ਸੀ। ਜਦੋਂ ਕੈਬ ਬੁੱਕ ਹੋਣ ਦੀ ਪੁਸ਼ਟੀ ਬਾਰੇ ਉਡੀਕ ਕੀਤੀ ਜਾ ਰਹੀ ਸੀ, ਤਾਂ ਇਨ੍ਹਾਂ ਮੁਲਜ਼ਮਾਂ ਨੇ ਮਨੀਪੁਰ ਵਾਸੀ ਵਿਅਕਤੀ ਨਾਲ ਬਦਸਲੂਕੀ ਕੀਤੀ ਤੇ ਉਸ ਦੀ ਪਤਨੀ ਤੇ ਭੈਣ ਬਾਰੇ ਅਪਸ਼ਬਦ ਬੋਲੇ ਜਿਸ ਦਾ ਉਸ ਨੇ ਵਿਰੋਧ ਕੀਤਾ। ਇਸ ਮਗਰੋਂ ਮੁਲਜ਼ਮ ਹਿੰਸਕ ਹੋ ਗਏ ਤੇ ਆਪਣੇ ਕੁਝ ਸਾਥੀਆਂ ਨੂੰ ਬੁਲਾ ਕੇ ਮਨੀਪੁਰ ਵਾਸੀ ਪਰਿਵਾਰ ਦੀ ਕੁੱਟਮਾਰ ਕੀਤੀ।