ਨਵੀਂ ਦਿੱਲੀ, 30 ਜੂਨ (ਪੰਜਾਬ ਮੇਲ)- ਸਾਬਕਾ ਡੀ.ਐੱਸ.ਜੀ.ਐੱਮ.ਸੀ.ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਬਿਨਾਂ ਸਬੂਤਾਂ ਤੋਂ ‘ਗੋਲਕਚੋਰ’, ‘ਕਲੰਕਤ ਪ੍ਰਧਾਨ’ ਕਹਿਣ ਅਤੇ ਅਦਾਲਤੀ ਹੁਕਮ ਪੜ੍ਹਦਿਆਂ ਝੂਠ ਬੋਲਣ ਦੇ ਦੋਸ਼ ਵਿਚ ਅੱਜ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਮਾਨਹਾਨੀ ਦੇ ਦੋਸ਼ਾਂ ਤਹਿਤ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੂੰ ਸੰਮਨ ਜਾਰੀ ਕਰ ਦਿੱਤੇ ਹਨ। ਇਹ ਸੰਮਨ ਮਨਜੀਤ ਸਿੰਘ ਜੀਕੇ ਵੱਲੋਂ ਦਾਇਰ ਮਾਣਹਾਨੀ ਦੇ ਕੇਸ ਵਿੱਚ ਅਦਾਲਤ ਵੱਲੋਂ ਜਾਰੀ ਕੀਤੇ ਗਏ ਹਨ। ਮਨਜੀਤ ਸਿੰਘ ਜੀਕੇ ਵੱਲੋਂ ਦਾਇਰ ਆਪਣੀ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਸੀ ਕਿ ਉਪਰੋਕਤ ਵਿਅਕਤੀਆਂ ਨੇ ਸਿਆਸੀ ਅਤੇ ਨਿੱਜੀ ਫਾਇਦੇ ਲੈਣ ਦੀ ਕੋਸ਼ਿਸ਼ ਵਿੱਚ ਉਨ੍ਹਾਂ ਨੂੰ ਜਾਣਬੁੱਝ ਕੇ ਸਿੱਖ ਸੰਗਤਾਂ, ਦੋਸਤਾਂ-ਮਿੱਤਰਾਂ ਅਤੇ ਪਰਿਵਾਰ ਦੀਆਂ ਨਜ਼ਰਾਂ ਵਿੱਚ ਬਦਨਾਮ ਕੀਤਾ ਹੈ। ਹੋਰ ਤਾਂ ਹੋਰ, ਦੋਸ਼ੀ ਵਿਅਕਤੀਆਂ ਨੇ ਜਾਣਬੁੱਝ ਕੇ ਅਤੇ ਸੋਚੇ ਸਮਝੇ ਤਰੀਕੇ ਨਾਲ ਲੋਕਾਂ ਵਿਚ ਉਨ੍ਹਾਂ ਦਾ ਅਕਸ ਖ਼ਰਾਬ ਕੀਤਾ ਹੈ। ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਅਤੇ ਜਗਦੀਪ ਸਿੰਘ ਕਾਹਲੋਂ ਵਿਰੁੱਧ ਝੂਠੇ ਅਤੇ ਬੇਬੁਨਿਆਦ ਬਿਆਨ ਦੇਣ ਦੇ ਦੋਸ਼ ਸ਼ਾਮਲ ਹਨ, ਜਿਸ ਨਾਲ ਮਨਜੀਤ ਸਿੰਘ ਜੀਕੇ ਦੀ ਸਮਾਜ ਵਿਚ ਸਾਖ ਅਤੇ ਵੱਕਾਰ ਨੂੰ ਠੇਸ ਪਹੁੰਚੀ ਹੈ। ਖਰਾਬ
ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਜੀਕੇ ਨੇ ਕਿਹਾ ਕਿ ਮਾਣਯੋਗ ਰਾਉਜ਼ ਐਵੇਨਿਊ ਜ਼ਿਲ੍ਹਾ ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਮੇਰੀ ਮਾਣਹਾਨੀ ਦੀ ਸ਼ਿਕਾਇਤ ਦੇ ਜਵਾਬ ‘ਚ ਦੋਸ਼ੀ ਵਿਅਕਤੀਆਂ ਨੂੰ ਸੰਮਨ ਜਾਰੀ ਕੀਤੇ ਹਨ। ਹੁਣ ਅਦਾਲਤੀ ਕਾਰਵਾਈ ਮੇਰੇ ਵੱਲੋਂ ਲਗਾਏ ਗਏ ਦੋਸ਼ਾਂ ਦੀ ਨਿਰਪੱਖ ਅਤੇ ਸਹੀ ਜਾਂਚ ਨੂੰ ਯਕੀਨੀ ਬਣਾਵੇਗੀ। ਮਾਣਯੋਗ ਅਦਾਲਤ ਦੇ ਸਾਹਮਣੇ ਉਨ੍ਹਾਂ ਦੇ ਵਕੀਲ ਐਡਵੋਕੇਟ ਨਗਿੰਦਰ ਬੈਨੀਪਾਲ ਨੇ ਜਿਸ ਤਰ੍ਹਾਂ ਨਾਲ ਜੋਸ਼ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੇਸ ਦੀ ਬਹਿਸ ਕੀਤੀ, ਉਸ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜੀਕੇ ਨੇ ਇਸ ਨੂੰ ਆਪਣੀ ਵੱਡੀ ਜਿੱਤ ਕਰਾਰ ਦਿੱਤਾ। ਜੀਕੇ ਨੇ ਕਿਹਾ ਕਿ ਅੱਜ ਮੇਰੇ ਲਈ ਇਤਿਹਾਸਕ ਦਿਨ ਹੈ, ਕਿਉਂਕਿ ਮੈਂ ਪਿਛਲੇ 3-4 ਸਾਲਾਂ ਤੋਂ ਇਨ੍ਹਾਂ ਦੇ ਝੂਠ ਨੂੰ ਬਰਦਾਸ਼ਤ ਕਰ ਰਿਹਾ ਸੀ। ਪਰ ਹੁਣ ਤਿੰਨੋਂ ਮੁਲਜ਼ਮਾਂ ਕੋਲ ਦੋ ਹੀ ਰਸਤੇ ਹਨ, ਇੱਕ ਤਾਂ ਅਦਾਲਤ ਵਿੱਚ ਆਪਣੇ ਝੂਠੇ ਬਿਆਨਾਂ ਲਈ ਮੁਆਫ਼ੀ ਮੰਗਣ ਜਾਂ ਦੂਸਰਾ ਰਸਤਾ ਕਾਨੂੰਨੀ ਮੁਕੱਦਮੇ ਦਾ ਸਾਹਮਣਾ ਕਰਕੇ ਸਜ਼ਾ ਭੁਗਤਣ। ਕਿਉਂਕਿ ਅੱਜ ਤੱਕ ਕਿਸੇ ਵੀ ਅਦਾਲਤ ਵਿੱਚ ਮੇਰੇ ਵਿਰੁੱਧ ਪਾਇਰੇਸੀ ਜਾਂ ਜਾਅਲੀ ਕਾਗਜ਼ ਬਣਾਉਣ ਦਾ ਕੋਈ ਦੋਸ਼ ਸਾਬਤ ਨਹੀਂ ਹੋਇਆ ਹੈ। ਇਸ ਲਈ ਹੁਣ ਮੈਂ ਦੇਖਦਾ ਹਾਂ ਕਿ ਇਹ ਕਿਵੇਂ ਝੂਠ ਬੋਲਦੇ ਹਨ?