#world

ਰਹਿਣ ਯੋਗ ਨਹੀਂ ਗਾਜ਼ਾ ਰਿਹਾ, 23 ਲੱਖ ਲੋਕਾਂ ਦੀ ਤਰਾਸਦੀ ਨੂੰ ਦੁਨੀਆ ਸਿਰਫ ਦੇਖ ਰਹੀ : ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ,6 ਜਨਵਰੀ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਤਿੰਨ ਮਹੀਨਿਆਂ ਤੋਂ ਚੱਲ ਰਹੀ ਜੰਗ ਤੋਂ ਬਾਅਦ ਗਾਜ਼ਾ ਦੀ ਸਥਿਤੀ ਇੰਨੀ ਖਰਾਬ ਹੋ ਗਈ ਹੈ ਕਿ ਇਹ ਜਗ੍ਹਾ ਹੁਣ ਰਹਿਣ ਯੋਗ ਨਹੀਂ ਹੈ। ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਮਾਮਲਿਆਂ ਦੇ ਅਧੀਨ-ਸਕੱਤਰ ਮਾਰਟਿਨ ਗ੍ਰਿਫਿਥਸ ਨੇ ਇਹ ਗੱਲ ਕਹੀ ਅਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਗਾਜ਼ਾ ਵਿੱਚ ਭੁੱਖਮਰੀ ਦਾ ਖ਼ਤਰਾ ਵਿਆਪਕ ਹੋ ਗਿਆ ਹੈ ਤੇ ਉੱਥੇ ਤਬਾਹ ਹੋ ਚੁੱਕੀ ਸਿਹਤ ਵਿਵਸਥਾ ਆਫ਼ਤ ਪੈਦਾ ਕਰ ਸਕਦੀ ਹੈ। ਹਮਾਸ ਦੇ ਅਤਿਵਾਦੀਆਂ ਵੱਲੋਂ ਇਜ਼ਰਾਈਲ ‘ਤੇ 7 ਅਕਤੂਬਰ ਨੂੰ ਕੀਤੇ ਹਮਲੇ ਖ਼ਿਲਾਫ਼ ਇਜ਼ਰਾਈਲੀ ਫੌਜ ਦੀ ਜਵਾਬੀ ਕਾਰਵਾਈ ਦੇ ਭਿਆਨਕ ਪ੍ਰਭਾਵ ਦਾ ਮੁਲਾਂਕਣ ਕਰਦੇ ਹੋਏ ਸ੍ਰੀ ਗ੍ਰਿਫਿਥਸ ਨੇ ਕਿਹਾ ਕਿ ਗਾਜ਼ਾ ਦੇ 23 ਲੱਖ ਲੋਕ ਆਪਣੀ ਹੋਂਦ ਬਚਾਉਣ ਲਈ ਰੋਜ਼ਾਨਾ ਖਤਰੇ ਦਾ ਸਾਹਮਣਾ ਕਰ ਰਹੇ ਹਨ, ਜਦੋਂ ਕਿ ਦੁਨੀਆ ਸਿਰਫ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਜੰਗ ਵਿੱਚ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾਂ ਜ਼ਖ਼ਮੀ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ।