ਵਾਸ਼ਿੰਗਟਨ, 17 ਮਾਰਚ (ਪੰਜਾਬ ਮੇਲ)- ਅਮਰੀਕਾ ਦੀ ਸੈਨੇਟ ਨੇ ਹਵਾਈ ਸੈਨਾ ਦੇ ਸਹਾਇਕ ਰੱਖਿਆ ਮੰਤਰੀ ਦੇ ਅਹੁਦੇ ਲਈ ਭਾਰਤੀ-ਅਮਰੀਕੀ ਇੰਜਨੀਅਰ ਰਵੀ ਚੌਧਰੀ ਦੇ ਨਾਂ ’ਤੇ ਮੋਹਰ ਲਗਾ ਦਿੱਤੀ ਹੈ। ਇਹ ਅਹੁਦਾ ਅਮਰੀਕੀ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਪੈਂਟਾਗਨ ਦੇ ਸਿਖਰਲੇ ਅਹੁਦਿਆਂ ’ਚੋਂ ਇੱਕ ਹੈ। ਸੈਨੇਟ ਨੇ ਬੀਤੇ ਦਿਨ 19 ਮੁਕਾਬਲੇ 65 ਵੋਟਾਂ ਨਾਲ ਸਾਬਕਾ ਹਵਾਈ ਸੈਨਾ ਅਧਿਕਾਰੀ ਰਵੀ ਚੌਧਰੀ ਦੀ ਨਾਮਜ਼ਦਗੀ ਦੀ ਪੁਸ਼ਟੀ ਕੀਤੀ। ਇਨ੍ਹਾਂ 65 ਵੋਟਾਂ ’ਚ ਵਿਰੋਧੀ ਧਿਰ ਰਿਪਬਲਿਕਨ ਪਾਰਟੀ ਦੀਆਂ 12 ਤੋਂ ਵੱਧ ਵੋਟਾਂ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਰਵੀ ਚੌਧਰੀ ਇਸ ਤੋਂ ਪਹਿਲਾਂ ਅਮਰੀਕੀ ਟਰਾਂਸਪੋਰਟ ਵਿਭਾਗ ’ਚ ਇੱਕ ਸੀਨੀਅਰ ਕਾਰਜਕਾਰੀ ਵਜੋਂ ਸੇਵਾਵਾਂ ਦੇ ਚੁੱਕੇ ਹਨ ਜਿੱਥੇ ਉਹ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ (ਐਫਏਏ) ’ਚ ਆਫਿਸ ਆਫ ਕਮਰਸ਼ੀਅਲ ਸਪੇਸ ਦੇ ਐਡਵਾਂਸਡ ਪ੍ਰੋਗਰਾਮਜ਼ ਐਂਡ ਇਨੋਵੇਸ਼ਨ ਦੇ ਡਾਇਰੈਕਟਰ ਸਨ। ਅਮਰੀਕੀ ਹਵਾਈ ਸੈਨਾ ’ਚ 1993 ਤੋਂ 2015 ਤੱਕ ਆਪਣੇ ਸੇਵਾਕਾਲ ਦੌਰਾਨ ਰਵੀ ਚੌਧਰੀ ਨੇ ਕਈ ਮੁਹਿੰਮਾਂ ਮੁਕੰਮਲ ਕੀਤੀਆਂ।