#CANADA

ਰਵਨੀਤ ਸਿੱਧੂ ਨੇ ਕੈਨੇਡਾ ‘ਚ ਰਚਿਆ ਇਤਿਹਾਸ

ਟੋਰਾਂਟੋ, 10 ਜੂਨ (ਪੰਜਾਬ ਮੇਲ)- ਪਿੰਡ ਮਾਛੀਕੇ, ਜ਼ਿਲ੍ਹਾ ਮੋਗਾ ਨਾਲ ਸਬੰਧਤ, ਟੋਰਾਂਟੋ (ਕੈਨੇਡਾ) ਵਿਚ ਵੱਸਦੀ ਡਾ. ਰਵਨੀਤ ਕੌਰ ਸਿੱਧੂ, ਜੋ ਸ. ਤਰਸੇਮ ਸਿੰਘ ਸਿੱਧੂ ਦੀ ਬੇਟੀ ਹੈ, ਨੇ ਵਿਗਿਆਨਕ ਖੋਜ ਦੇ ਖੇਤਰ ਵਿਚ ਆਪਣੇ ਮਾਪਿਆਂ ਅਤੇ ਸਾਡੇ ਸਾਰੇ ਭਾਰਤੀ ਸਮਾਜ ਦਾ ਸਿਰ ਉੱਚਾ ਕਰ ਦਿੱਤਾ ਹੈ। Yersinia pestis (ਪਲੇਗ) ਬੈਕਟੀਰੀਆ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਘਾਤਕਤਾ ਦੇ ਪਿੱਛੇ ਲੁਕੇ ਜੀਨ-ਵਿਕਾਸ ਦੀ ਗੁੱਥੀ ਨੂੰ ਸੁਲਝਾਉਣ ਵਾਲੀ ਟੀਮ ਵਿਚ ਉਹ ਸਾਂਝੀ ਲੇਖਕ ਵਜੋਂ ਸ਼ਾਮਲ ਹੈ। ਅਧਿਐਨ ਦੌਰਾਨ, ਰਵਨੀਤ ਸਿੱਧੂ ਨੇ ਡੈਨਮਾਰਕ ਤੋਂ ਮਿਲੇ ਪੁਰਾਤਨ ਡੀ.ਐੱਨ.ਏ. ਸੈਂਪਲਜ਼ ਵਿਚ ਇਹ ਨੋਟ ਕੀਤਾ ਕਿ ਮਹਾਂਮਾਰੀ ਦੇ ਇੱਕ ਸੌ ਸਾਲ ਬਾਅਦ, Y. pestis ਦੇ ਜਨੋਮ ਵਿਚੋਂ pla ਨਾਂ ਦਾ ਇੱਕ ਜੀਨ ਅਚਾਨਕ ਗਾਇਬ ਹੋ ਗਿਆ।
ਇਹ ਖੋਜ ਇੱਕ ਲੰਬੇ ਅਧਿਐਨ ਦੀ ਸ਼ੁਰੂਆਤ ਸੀ। ਉਨ੍ਹਾਂ ਨੇ ਹਜ਼ਾਰਾਂ ਸਾਲ ਪੁਰਾਣੀ ਡੀ.ਐੱਨ.ਏ. ਦੀ ਕੜੀ-ਕੜੀ ਜੋੜ ਕੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਜੀਨ ਕਿਵੇਂ ਅਤੇ ਕਿਉਂ ਗਾਇਬ ਹੋਇਆ। ਇਹ ਖੋਜ ਜਰਨਲ ਸਾਇੰਸ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨਕ ਜਰਨਲ ਵਿਚ ਪ੍ਰਕਾਸ਼ਿਤ ਹੋਈ ਅਤੇ ਦੁਨੀਆਂ ਭਰ ਦੇ ਅਖ਼ਬਾਰਾਂ ਨੇ ਇਸ ਨੂੰ ਆਪਣੇ ਪੰਨਿਆਂ ‘ਤੇ ਮਾਣ ਨਾਲ ਸਥਾਨ ਦਿੱਤਾ।
ਜਦੋਂ ਆਮ ਘਰਾਂ ਦੇ ਬੱਚੇ ਵਿਗਿਆਨ ਅਤੇ ਗਲੋਬਲ ਰਿਸਰਚ ਦੀਆਂ ਨਵੀਆਂ ਉਚਾਈਆਂ ਨੂੰ ਛੂਹਦੇ ਹਨ, ਤਾਂ ਉਹ ਸਿਰਫ ਆਪਣੇ ਪਰਿਵਾਰ ਨਹੀਂ, ਸਾਰੀ ਕੌਮ ਲਈ ਮਾਣ ਬਣਦੇ ਹਨ।
ਇਸ ਸ਼ਾਨਦਾਰ ਪ੍ਰਾਪਤੀ ਲਈ ਸਿੱਧੂ ਪਰਿਵਾਰ ਨੂੰ ਪੂਰੇ ਪੰਜਾਬੀ ਭਾਈਚਾਰੇ ਵੱਲ ਮੁਬਾਰਕਾਂ ਅਤੇ ਹੋਰ ਵਧੇਰੇ ਸਫਲਤਾਵਾਂ ਲਈ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ।