#PUNJAB

ਰਵਨੀਤ ਬਿੱਟੂ ਦੇ ਕਰੀਬੀ ਨੂੰ ਫਿਰੌਤੀ ਮਾਮਲੇ ‘ਚ ਭੇਜਿਆ ਜੇਲ੍ਹ

ਲੁਧਿਆਣਾ, 13 ਫਰਵਰੀ (ਪੰਜਾਬ ਮੇਲ)- ਕਾਰੋਬਾਰੀ ਕੋਲੋਂ 30 ਲੱਖ ਰੁਪਏ ਫਿਰੌਤੀ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕਰੀਬੀ ਸਾਥੀ ਰਾਜੀਵ ਰਾਜਾ ਨੂੰ ਪੁਲਿਸ ਨੇ 2 ਰੋਜ਼ਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ‘ਚ ਪੇਸ਼ ਕੀਤਾ। ਜਿੱਥੋਂ ਅਦਾਲਤ ਨੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਹੈ।
ਹਾਲਾਂਕਿ ਪੁਲਿਸ ਨੇ ਰਾਜੀਵ ਰਾਜਾ ਦੇ ਇਕ ਦਿਨ ਦੇ ਹੋਰ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ। ਪੁਲਿਸ ਨੇ ਦਲੀਲ ਦਿੱਤੀ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਰਾਜਾ ਕੋਲ ਬਹੁਤ ਸਾਰੇ ਸਬੂਤ ਹਨ। ਇਸ ਲਈ ਹੋਰ ਪੁੱਛ-ਪੜਤਾਲ ਜ਼ਰੂਰੀ ਹੈ ਪਰ ਅਦਾਲਤ ਨੇ ਰਾਜੀਵ ਰਾਜਾ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਕਾਰੋਬਾਰੀ ਰਵੀਸ਼ ਗੁਪਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਵ੍ਹਟਸਐਪ ‘ਤੇ ਧਮਕੀ ਭਰੇ ਕਾਲ ਆ ਰਹੇ ਹਨ। ਉਸ ਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਹਰਸ ਮੌਦਗਿਲ ਅਤੇ ਜਗਜੀਤ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਇਕ ਹੋਰ ਮੁਲਜ਼ਮ ਰੋਹਨ ਸਿੰਘ ਬਾਰੇ ਪਤਾ ਲੱਗਾ। ਸੂਤਰ ਦੱਸਦੇ ਹਨ ਕਿ ਤਿੰਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਜਾਂਚ ਅੱਗੇ ਵਧਾਈ ਗਈ ਤਾਂ ਤਿੰਨਾਂ ਨੇ ਮਾਮਲੇ ‘ਚ ਰਾਜੀਵ ਰਾਜਾ ਦੀ ਸ਼ਮੂਲੀਅਤ ਦੀ ਗੱਲ ਆਖੀ। ਇਸ ਮਗਰੋਂ ਪੁਲਿਸ ਨੇ ਰਾਜੀਵ ਰਾਜਾ ਨੂੰ ਗ੍ਰਿਫ਼ਤਾਰ ਕਰ ਲਿਆ। ਕਾਬਿਲੇਗੌਰ ਹੈ ਕਿ ਮਾਮਲੇ ਵਿਚ ਕੇਂਦਰੀ ਮੰਤਰੀ ਬਿੱਟੂ ਨੇ ਰਾਜੀਵ ਰਾਜਾ ਦੇ ਬਚਾਅ ਲਈ ਵੀਡੀਓ ਵੀ ਜਾਰੀ ਕੀਤੀ ਸੀ ਤੇ ਦਾਅਵਾ ਕੀਤਾ ਸੀ ਕਿ ਸੂਬਾ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ।