#INDIA

ਰਤਨ ਟਾਟਾ ਦੇ ਉੱਤਰਾਧਿਕਾਰੀ ਦੇ ਨਾਂ ‘ਤੇ ਲੱਗੀ ਮੋਹਰ

-ਨੋਏਲ ਟਾਟਾ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਨਿਯੁਕਤ
ਮੁੰਬਈ, 11 ਅਕਤੂਬਰ (ਪੰਜਾਬ ਮੇਲ)- ਮਰਹੂਮ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ਤੋਂ ਬਾਅਦ ਟਾਟਾ ਸਮੂਹ ਦੇ ਉੱਤਰਾਧਿਕਾਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਨੋਏਲ ਟਾਟਾ ਨੂੰ ਟਾਟਾ ਟਰੱਸਟ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਬੁੱਧਵਾਰ ਨੂੰ ਰਤਨ ਟਾਟਾ ਦੇ ਦਿਹਾਂਤ ਤੋਂ ਬਾਅਦ ਮੁੰਬਈ ਵਿਚ ਇੱਕ ਮੀਟਿੰਗ ਹੋਈ, ਜਿਸ ਵਿਚ ਰਤਨ ਟਾਟਾ ਦੇ ਮਤਰੇਏ ਭਰਾ ਨੋਏਲ ਟਾਟਾ ਨੂੰ ਟਾਟਾ ਟਰੱਸਟ ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ। ਮੀਟਿੰਗ ਵਿਚ ਸਾਰਿਆਂ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ। ਇਸ ਤਹਿਤ ਨੋਏਲ ਨੂੰ ਟਾਟਾ ਗਰੁੱਪ ਦੀਆਂ ਦੋ ਸਭ ਤੋਂ ਮਹੱਤਵਪੂਰਨ ਚੈਰੀਟੇਬਲ ਸੰਸਥਾਵਾਂ ਸਰ ਰਤਨ ਟਾਟਾ ਟਰੱਸਟ ਅਤੇ ਸਰ ਦੋਰਾਬਜੀ ਟਾਟਾ ਟਰੱਸਟ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਕੰਪਨੀ ਦੀ ਅਗਵਾਈ ਕਰਨ ਵਾਲੇ ਟਾਟਾ ਸਮੂਹ ਦੇ ਚੇਅਰਮੈਨ ਰਤਨ ਟਾਟਾ ਦਾ ਬੁੱਧਵਾਰ ਰਾਤ 11:30 ਵਜੇ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦਿਹਾਂਤ ਹੋ ਗਿਆ ਸੀ। 86 ਸਾਲਾ ਪਦਮ ਵਿਭੂਸ਼ਣ ਐਵਾਰਡੀ ਰਤਨ ਟਾਟਾ ਪਿਛਲੇ ਕੁਝ ਦਿਨਾਂ ਤੋਂ ਆਈ.ਸੀ.ਯੂ. ਵਿਚ ਦਾਖ਼ਲ ਸਨ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਟਾਟਾ ਸਮੂਹ ਦੇ ਉੱਤਰਾਧਿਕਾਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਕਾਰਨ ਟਾਟਾ ਸਮੂਹ ਦੀ ਸਥਿਰਤਾ ਬਣੀ ਰਹੇਗੀ।
ਰਤਨ ਟਾਟਾ, ਜਿਨ੍ਹਾਂ ਦੀ ਸਾਦੀ ਸ਼ਖ਼ਸੀਅਤ ਅਤੇ ਇਮਾਨਦਾਰ ਅਕਸ ਨੇ ਉਨ੍ਹਾਂ ਨੂੰ ਕਾਰਪੋਰੇਟ ਜਗਤ ਵਿਚ ਇੱਕ ਸੰਤ ਵਜੋਂ ਸਤਿਕਾਰਿਆ। ਰਤਨ ਟਾਟਾ ਨੇ ਕਦੇ ਵਿਆਹ ਨਹੀਂ ਕੀਤਾ ਅਤੇ ਆਪਣੀ ਜ਼ਿੰਦਗੀ ਸਾਦਗੀ ਨਾਲ ਬਤੀਤ ਕੀਤੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਹੁਣ ਉਨ੍ਹਾਂ ਦੇ ਸੌਤੇਲੇ ਭਰਾ ਨੋਏਲ ਟਾਟਾ, ਟਾਟਾ ਗਰੁੱਪ ਦੀ ਜ਼ਿੰਮੇਵਾਰੀ ਸੰਭਾਲਣਗੇ।
ਇਸ ਸਮੇਂ, ਐੱਨ. ਚੰਦਰਸ਼ੇਖਰਨ ਟਾਟਾ ਸੰਨਜ਼ ਦੇ ਚੇਅਰਮੈਨ ਹਨ ਅਤੇ 2017 ਤੋਂ ਇਸ ਅਹੁਦੇ ‘ਤੇ ਹਨ। ਹਾਲਾਂਕਿ, ਪਰਿਵਾਰ ਦੇ ਹੋਰ ਮੈਂਬਰਾਂ ਨੂੰ ਭਵਿੱਖ ਦੀ ਅਗਵਾਈ ਦੀਆਂ ਭੂਮਿਕਾਵਾਂ ਲਈ ਸੰਭਾਵੀ ਉਮੀਦਵਾਰਾਂ ਵਜੋਂ ਦੇਖਿਆ ਜਾ ਰਿਹਾ ਸੀ। ਸੰਭਾਵੀ ਉੱਤਰਾਧਿਕਾਰੀਆਂ ਵਿਚ, ਮੁੱਖ ਦਾਅਵੇਦਾਰ ਰਤਨ ਟਾਟਾ ਦੇ ਸੌਤੇਲੇ ਭਰਾ ਨੋਏਲ ਟਾਟਾ ਹਨ, ਜਿਨ੍ਹਾਂ ਨੇ ਟਾਟਾ ਸਮੂਹ ਵਿਚ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਹਨ।
ਨੋਏਲ ਟਾਟਾ: ਰਤਨ ਟਾਟਾ ਦੇ ਸੌਤੇਲੇ ਭਰਾ, ਜਿਨ੍ਹਾਂ ਦੇ ਤਿੰਨ ਬੱਚੇ ਮਾਇਆ, ਨੇਵਿਲ ਅਤੇ ਲੀਹ ਟਾਟਾ ਨੂੰ ਵੀ ਸੰਭਾਵੀ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ।
ਮਾਇਆ ਟਾਟਾ: ਮਾਇਆ ਟਾਟਾ (34) ਬੇਅਸ ਬਿਜ਼ਨਸ ਸਕੂਲ ਅਤੇ ਵਾਰਵਿਕ ਯੂਨੀਵਰਸਿਟੀ ਦੀ ਗ੍ਰੈਜੂਏਟ ਹੈ ਅਤੇ ਟਾਟਾ ਅਪਰਚਿਊਨਿਟੀਜ਼ ਫੰਡ ਅਤੇ ਟਾਟਾ ਡਿਜੀਟਲ ਵਿਚ ਮੁੱਖ ਅਹੁਦਿਆਂ ‘ਤੇ ਰਹਿ ਚੁੱਕੀ ਹੈ।
ਨੇਵਿਲ ਟਾਟਾ: 32 ਸਾਲਾ ਨੇਵਿਲ ਟਾਟਾ, ਜੋ ਕਿ ਟ੍ਰੇਂਟ ਲਿਮਿਟੇਡ ਦੇ ਅਧੀਨ ਸਟਾਰ ਬਾਜ਼ਾਰ ਦੀ ਅਗਵਾਈ ਕਰ ਰਿਹਾ ਹੈ, ਨੂੰ ਸਮੂਹ ਵਿਚ ਲੀਡਰਸ਼ਿਪ ਲਈ ਸਰਗਰਮੀ ਨਾਲ ਤਿਆਰ ਮੰਨਿਆ ਜਾਂਦਾ ਹੈ।
ਲੀਹ ਟਾਟਾ: 39 ਸਾਲਾ ਲੀਹ ਟਾਟਾ ਗਰੁੱਪ ਦੇ ਪ੍ਰਾਹੁਣਚਾਰੀ ਖੇਤਰ ਵਿਚ ਕੰਮ ਕਰਦੀ ਹੈ ਅਤੇ ਤਾਜ ਹੋਟਲਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਟਾਟਾ ਗਰੁੱਪ ਦੀ ਜਾਇਦਾਦ ਦਾ ਬਾਜ਼ਾਰ ਮੁੱਲ 400 ਬਿਲੀਅਨ ਡਾਲਰ (33.7 ਲੱਖ ਕਰੋੜ ਰੁਪਏ) ਹੈ, ਜੋ ਕਿ ਪਾਕਿਸਤਾਨ ਦੀ ਜੀ.ਡੀ.ਪੀ. ਤੋਂ ਵੱਧ ਹੈ।