-ਮਹਾਰਾਸ਼ਟਰ ‘ਚ ਇਕ-ਰੋਜ਼ਾ ਸੋਗ ਦਾ ਐਲਾਨ
ਮੁੰਬਈ, 10 ਅਕਤੂਬਰ (ਪੰਜਾਬ ਮੇਲ)- ਦੇਸ਼ ਦੇ ਉੱਘੇ ਸਨਅਤਕਾਰ ਰਤਨ ਟਾਟਾ ਦਾ ਅੱਜ ਮੁੰਬਈ ਦੇ ਵਰਲੀ ਇਲਾਕੇ ‘ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਅੰਤਿਮ ਸਸਕਾਰ ਤੋਂ ਪਹਿਲਾਂ ਮ੍ਰਿਤਕ ਦੇਹ ਸ਼ਮਸ਼ਾਨਘਾਟ ‘ਚ ਲਿਆਂਦੇ ਜਾਣ ਮਗਰੋਂ ਮੁੰਬਈ ਪੁਲਿਸ ਦੀ ਟੁਕੜੀ ਵੱਲੋਂ ਟਾਟਾ ਨੂੰ ਸਲਾਮੀ ਦਿੱਤੀ ਗਈ। ਰਤਨ ਟਾਟਾ ਦਾ ਬੁੱਧਵਾਰ ਦੇਰ ਰਾਤ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਦੇਹਾਂਤ ਹੋ ਗਿਆ ਸੀ, ਜਿੱਥੇ ਉਹ ਕਾਫੀ ਸਮੇਂ ਤੋਂ ਦਾਖਲ ਸਨ।
ਇਸ ਤੋਂ ਪਹਿਲਾਂ ਅੱਜ ਸਵੇਰੇ ਰਤਨ ਟਾਟਾ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਤੋਂ ਸਫ਼ੈਦ ਫੁੱਲਾਂ ਵਿਚ ਸਜੇ ਵਾਹਨ ਰਾਹੀਂ ਦੱਖਣੀ ਮੁੰਬਈ ਸਥਿਤ ਐੱਨ.ਸੀ.ਪੀ.ਏ. (ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ) ਵਿਖੇ ਲਿਜਾਈ ਗਈ। ਇਸ ਮੌਕੇ ਵੱਡੀ ਗਿਣਤੀ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਜਿਨ੍ਹਾਂ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹੋਰ ਕੇਂਦਰੀ ਤੇ ਸੂਬਾਈ ਆਗੂ, ਸਿਆਸਤਦਾਨ, ਬਾਲੀਵੁੱਡ ਦੇ ਸਿਤਾਰੇ, ਸਨਅਤਕਾਰ, ਵਪਾਰੀ-ਕਾਰੋਬਾਰੀ ਅਤੇ ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਸ਼ਾਮਲ ਸਨ।
ਜਿਉਂ ਹੀ ਉਨ੍ਹਾਂ ਦੇ ਚਲਾਣੇ ਦੀ ਖ਼ਬਰ ਫੈਲੀ, ਤਾਂ ਸਵੇਰ ਸਾਰ ਹੀ ਲੋਕ ਉਨ੍ਹਾਂ ਦੀ ਘਰ ਪੁੱਜਣੇ ਸ਼ੁਰੂ ਹੋ ਗਏ। ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਹੋਰ ਮੰਤਰੀ ਅਤੇ ਸਨਅਤਕਾਰ ਮੁਕੇਸ਼ ਅੰਬਾਨੀ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਸਭ ਤੋਂ ਪਹਿਲਾਂ ਹਸਪਤਾਲ ਬ੍ਰੀਚ ਕੈਂਡੀ ਪਹੁੰਚਣ ਵਾਲੇ ਅਹਿਮ ਲੋਕਾਂ ਵਿਚ ਸ਼ੁਮਾਰ ਸਨ।
ਮੁੱਖ ਮੰਤਰੀ ਸ਼ਿੰਦੇ ਨੇ ਸਵੇਰੇ ਐਲਾਨ ਕੀਤਾ ਸੀ ਕਿ ਰਤਨ ਟਾਟਾ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਦੇ ਦੇਹਾਂਤ ਉਤੇ ਇਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਵੀ ਕੀਤਾ ਹੈ। ਇਸ ਦੌਰਾਨ ਸੂਬੇ ਦੇ ਸਰਕਾਰੀ ਦਫ਼ਤਰਾਂ ਵਿਚ ਕੌਮੀ ਝੰਡੇ ਅੱਧੇ ਝੁਕੇ ਰਹਿਣਗੇ।