– 20 ਸਾਲ ਪੁਰਾਣੇ ਮਾਮਲੇ ਵਿੱਚ ਸੁਣਾਇਆ ਫ਼ੈਸਲਾ
– ਇਸ ਸਮੇਂ ਰੋਹਤਕ ਦੀ ਜੇਲ੍ਹ ਵਿੱਚ ਬੰਦ ਹੈ ਡੇਰਾ ਮੁਖੀ
ਚੰਡੀਗੜ੍ਹ, 29 ਮਈ (ਪੰਜਾਬ ਮੇਲ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਚਾਰ ਹੋਰਾਂ ਨੂੰ ਡੇਰੇ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਦੀ 2002 ਵਿਚ ਹੋਈ ਹੱਤਿਆ ਦੇ ਮਾਮਲੇ ਵਿਚ ਬਰੀ ਕਰ ਦਿੱਤਾ ਹੈ।
ਸਿਰਸਾ ਦੇ ਸੱਚਾ ਸੌਦਾ ਡੇਰੇ ਦਾ ਮੁਖੀ ਇਸ ਸਮੇਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ। ਉਹ ਆਪਣੀਆਂ ਦੋ ਸਾਧਵੀਆਂ ਨਾਲ ਜਬਰ-ਜਨਾਹ ਦੇ ਦੋਸ਼ ਹੇਠ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਡੇਰਾ ਮੁਖੀ ਦੇ ਵਕੀਲ ਜਿਤੇਂਦਰ ਖੁਰਾਣਾ ਨੇ ਕਿਹਾ, ”ਹਾਈ ਕੋਰਟ ਨੇ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਮੇਰੇ ਮੁਵੱਕਿਲ ਅਤੇ ਚਾਰ ਹੋਰਾਂ ਨੂੰ ਬਰੀ ਕਰ ਦਿੱਤਾ ਹੈ।” ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਦਲੀਲਾਂ ਪਹਿਲਾਂ ਹੀ ਮੁਕੰਮਲ ਹੋ ਗਈਆਂ ਸਨ ਅਤੇ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ। ਖੁਰਾਣਾ ਨੇ ਦੱਸਿਆ ਕਿ ਜਸਟਿਸ ਸੁਰੇਸ਼ਵਰ ਠਾਕੁਰ ਤੇ ਜਸਟਿਸ ਲਲਿਤ ਬੱਤਰਾ ਦੀ ਬੈਂਚ ਨੇ ਰਾਮ ਰਹੀਮ ਅਤੇ ਚਾਰ ਹੋਰਾਂ ਦੀਆਂ ਅਪੀਲਾਂ ‘ਤੇ ਫ਼ੈਸਲਾ ਸੁਣਾਇਆ ਹੈ, ਜਿਨ੍ਹਾਂ ਨੂੰ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਅਕਤੂਬਰ 2021 ਵਿਚ ਦੋਸ਼ੀ ਠਹਿਰਾਇਆ ਸੀ।
ਅਦਾਲਤ ਨੇ ਉਸ ਨੂੰ ਲਗਪਗ 20 ਸਾਲ ਪੁਰਾਣੇ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ ਹਰਿਆਣਾ ਵਿਚ ਕੁਰੂਕਸ਼ੇਤਰ ਦੇ ਖਾਨਪੁਰ ਕੋਲੀਆਂ ਪਿੰਡ ਵਿਚ 10 ਜੁਲਾਈ, 2002 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇੱਕ ਗੁਮਨਾਮ ਚਿੱਠੀ ਜਨਤਕ ਕਰਨ ਦੇ ਸ਼ੱਕ ਵਿਚ ਉਸ ਦੀ ਹੱਤਿਆ ਕੀਤੀ ਗਈ ਸੀ। ਇਸ ਚਿੱਠੀ ਵਿਚ ਦੱਸਿਆ ਗਿਆ ਸੀ ਕਿ ਰਾਮ ਰਹੀਮ ਕਿਵੇਂ ਡੇਰੇ ਵਿਚ ਔਰਤਾਂ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਹੈ। ਸੀ.ਬੀ.ਆਈ. ਵੱਲੋਂ ਪਹਿਲਾਂ ਦਾਇਰ ਚਾਰਜਸ਼ੀਟ ਮੁਤਾਬਕ, ਡੇਰਾ ਮੁਖੀ ਦਾ ਮੰਨਣਾ ਸੀ ਕਿ ਇਸ ਗੁਮਨਾਮ ਚਿੱਠੀ ਨੂੰ ਜਨਤਕ ਕਰਨ ਪਿੱਛੇ ਰਣਜੀਤ ਸਿੰਘ ਦਾ ਹੱਥ ਸੀ ਅਤੇ ਇਸ ਲਈ ਉਸ ਦੀ ਹੱਤਿਆ ਦੀ ਸਾਜ਼ਿਸ਼ ਘੜੀ ਗਈ। ਰਾਮ ਰਹੀਮ ਨੂੰ 2017 ਵਿਚ ਦੋ ਸਾਧਵੀਆਂ ਨਾਲ ਜਬਰ-ਜਨਾਹ ਦੇ ਦੋਸ਼ ਹੇਠ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਮਗਰੋਂ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਹੈ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਡੇਰਾ ਸੱਚਾ ਸੌਦਾ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਕਤਲ ਮਾਮਲੇ ‘ਚ ਸਿਰਸਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਰਾਹਤ ਦਿੱਤੇ ਜਾਣ ‘ਤੇ ਪ੍ਰਤੀਕਰਿਆ ਦਿੰਦਿਆਂ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਕਿਹਾ ਕਿ ਅਦਾਲਤ ਦਾ ਫ਼ੈਸਲਾ ਪੀੜਾਦਾਇਕ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਸ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਜਾਣਾ ਚਾਹੀਦਾ ਹੈ। ਅੰਸ਼ੁਲ ਛਤਰਪਤੀ ਨੇ ਕਿਹਾ ਕਿ ਲੰਮੀ ਜੱਦੋ-ਜਹਿਦ ਮਗਰੋਂ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਿਆ ਸੀ ਪਰ ਹੁਣ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਪਲਟ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬਹੁਤ ਹੀ ਪੀੜਾ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣੀ ਚਾਹੀਦੀ ਹੈ।
ਰਾਮ ਰਹੀਮ ਨੂੰ ਕਤਲ ਮਾਮਲੇ ‘ਚ ਬਰੀ ਕਰਨਾ ਅਸੰਤੁਸ਼ਟੀਜਨਕ ਫੈਸਲਾ : ਐਡਵੋਕੇਟ ਧਾਮੀ
ਅੰਮ੍ਰਿਤਸਰ, (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਡੇਰੇ ਦੇ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬਰੀ ਕੀਤੇ ਜਾਣ ਨੂੰ ਦੁੱਖਦਾਈ ਕਰਾਰ ਦਿੰਦਿਆਂ ਕਿਹਾ ਕਿ ਆਚਰਣਹੀਣ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਇਸ ਵਿਅਕਤੀ ਨੂੰ ਕਿਸੇ ਕਿਸਮ ਦੀ ਰਾਹਤ ਨਹੀਂ ਮਿਲਣੀ ਚਾਹੀਦੀ। ਐਡਵੋਕੇਟ ਧਾਮੀ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਗੁਰਮੀਤ ਰਾਮ ਰਾਹੀਮ ‘ਤੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਪੂਰੀ ਤਰ੍ਹਾਂ ਮਿਹਰਬਾਨ ਹੈ ਅਤੇ ਹੁਣ ਰਣਜੀਤ ਸਿੰਘ ਕਤਲ ਕੇਸ ਵਿਚ ਆਇਆ ਫੈਸਲਾ ਵੀ ਅਸੰਤੁਸ਼ਟੀਜਨਕ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਸੀਂ ਅਦਾਲਤਾਂ ਦਾ ਸਤਿਕਾਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਰਾਮ ਰਹੀਮ ਕਈ ਸੰਗੀਨ ਅਪਰਾਧਾਂ ਤਹਿਤ ਸਜ਼ਾ ਕੱਟ ਰਿਹਾ ਹੈ ਅਤੇ ਸੀ.ਬੀ.ਆਈ. ਦਾ ਇਹ ਫਰਜ਼ ਹੈ ਕਿ ਉਹ ਰਣਜੀਤ ਸਿੰਘ ਕਤਲ ਕੇਸ ਦੀ ਅੱਗੇ ਠੋਸ ਪੈਰਵਾਈ ਯਕੀਨੀ ਬਣਾਵੇ, ਤਾਂ ਜੋ ਜਾਂਚ ਪ੍ਰਣਾਲੀ ਤੋਂ ਲੋਕਾਂ ਦਾ ਭਰੋਸਾ ਨਾ ਟੁੱਟੇ। ਐਡਵੋਕੇਟ ਧਾਮੀ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪ੍ਰਤੀਨਿੱਧ ਸੰਸਥਾ ਹੁੰਦਿਆਂ ਇੱਕ ਪੰਥ-ਦੋਖੀ ਵਿਅਕਤੀ ਰਾਮ ਰਹੀਮ ਵਿਰੁੱਧ ਰਣਜੀਤ ਸਿੰਘ ਕਤਲ ਮਾਮਲੇ ਵਿਚ ਉਸ ਦੇ ਪਰਿਵਾਰ ਦੀ ਸੰਭਵ ਮਦਦ ਲਈ ਵੀ ਤਿਆਰ ਹੈ।