#INDIA

ਰਘੂਵੰਸ਼ੀ ਕਤਲ ਕੇਸ: ਇੰਦੌਰ ਹਵਾਈ ਅੱਡੇ ‘ਤੇ ਯਾਤਰੀ ਨੇ ਮੁਲਜ਼ਮ ਨੂੰ ਮਾਰਿਆ ਥੱਪੜ

ਇੰਦੌਰ, 11 ਜੂਨ (ਪੰਜਾਬ ਮੇਲ)- ਰਾਜਾ ਰਘੂਵੰਸ਼ੀ ਕਤਲ ਕੇਸ ਵਿਚ ਗ੍ਰਿਫ਼ਤਾਰ ਮੁਲਜ਼ਮਾਂ ਵਿਚੋਂ ਇੱਕ ਨੂੰ ਦੇਵੀ ਅਹਿਲਿਆਬਾਈ ਹੋਲਕਰ ਹਵਾਈ ਅੱਡੇ ‘ਤੇ ਇੱਕ ਯਾਤਰੀ ਨੇ ਥੱਪੜ ਮਾਰ ਦਿੱਤਾ। ਇਹ ਘਟਨਾ ਉਦੋਂ ਵਾਪਰੀ, ਜਦੋਂ ਮੇਘਾਲਿਆ ਪੁਲਿਸ ਦੀ ਇੱਕ ਟੀਮ ਚਾਰ ਮੁਲਜ਼ਮਾਂ ਨਾਲ ਹਵਾਈ ਅੱਡੇ ‘ਤੇ ਦਾਖਲ ਹੋ ਰਹੀ ਸੀ।
ਜਦੋਂ ਆਪਣੇ ਸਾਮਾਨ ਨਾਲ ਉਡੀਕ ਕਰ ਰਹੇ ਇੱਕ ਯਾਤਰੀ ਨੇ ਉਨ੍ਹਾਂ ਜਾਂਦੇ ਦੇਖਿਆ, ਤਾਂ ਉਸ ਨੇ ਅਚਾਨਕ ਮੁਲਜ਼ਮਾਂ ਵਿਚੋਂ ਇੱਕ ਨੂੰ ਥੱਪੜ ਮਾਰ ਦਿੱਤਾ।
ਹਾਲਾਕਿ ਤੁਰੰਤ ਇਹ ਪਤਾ ਨਹੀਂ ਲੱਗ ਸਕਿਆ ਕਿ ਥੱਪੜ 4 ਮੁਲਜ਼ਮਾਂ ਵਿਚੋਂ ਕਿਸ ਨੂੰ ਮਾਰਿਆ ਗਿਆ, ਕਿਉਂਕਿ ਮੁਲਜ਼ਮਾਂ ਨੇ ਮਾਸਕ ਪਾਏ ਹੋਏ ਸਨ। ਪਰ ਵਿਅਕਤੀ ਨੇ ਸਪੱਸ਼ਟ ਤੌਰ ‘ਤੇ ਪੂਰੇ ਦੇਸ਼ ਵਿਚ ਚਰਿਚਤ ਇਸ ਕਤਲ ‘ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
ਘਟਨਾ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇੰਦੌਰ ਦੇ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ ਰਾਜੇਸ਼ ਦੰਡੋਟੀਆ ਨੇ ਕਿਹਾ ਕਿ ਮੇਘਾਲਿਆ ਪੁਲਿਸ ਦੀ 12 ਮੈਂਬਰੀ ਟੀਮ ਇੱਥੇ ਇੱਕ ਅਦਾਲਤ ਤੋਂ ਟਰਾਂਜ਼ਿਟ ਹਿਰਾਸਤ ਪ੍ਰਾਪਤ ਕਰਨ ਤੋਂ ਬਾਅਦ ਚਾਰ ਮੁਲਜ਼ਮਾਂ, ਰਾਜ ਕੁਸ਼ਵਾਹ, ਵਿਸ਼ਾਲ ਚੌਹਾਨ, ਆਕਾਸ਼ ਰਾਜਪੂਤ ਅਤੇ ਆਨੰਦ ਕੁਰਮੀ, ਨੂੰ ਲੈ ਕੇ ਸ਼ਿਲਾਂਗ ਲਈ ਰਵਾਨਾ ਹੋ ਗਈ।
ਉਧਰ ਇੱਕ ਅਧਿਕਾਰੀ ਨੇ ਦੱਸਿਆ ਕਿ 23 ਮਈ ਨੂੰ ਮੇਘਾਲਿਆ ਵਿਚ ਰਘੂਵੰਸ਼ੀ ਦੀ ਹੱਤਿਆ ਤੋਂ ਬਾਅਦ ਉਸਦੀ ਪਤਨੀ ਸੋਨਮ ਇੰਦੌਰ ਗਈ ਸੀ।
ਉਨ੍ਹਾਂ ਕਿਹਾ, ”ਸਾਨੂੰ ਸੂਚਨਾ ਮਿਲੀ ਹੈ ਕਿ ਸੋਨਮ ਮੇਘਾਲਿਆ ਤੋਂ ਇੰਦੌਰ ਆਈ ਸੀ ਅਤੇ 25 ਤੋਂ 27 ਮਈ ਦੇ ਵਿਚਕਾਰ ਦੇਵਾਸ ਨਾਕਾ ਇਲਾਕੇ ਵਿਚ ਕਿਰਾਏ ਦੇ ਫਲੈਟ ਵਿਚ ਰਹੀ। ਹਾਲਾਂਕਿ ਮੇਘਾਲਿਆ ਪੁਲਿਸ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਸਕੇਗੀ।”
ਘਟਨਾ ਦੀ ਜਾਰੀ ਜਾਂਚ ਦੌਰਾਨ ਮੇਘਾਲਿਆ ਪੁਲਿਸ ਦੀ ਟੀਮ ਨੇ ਇੱਥੇ ਦੋਸ਼ੀ ਵਿਸ਼ਾਲ ਚੌਹਾਨ ਦੇ ਘਰ ਪੁੱਜੀ ਹੈ। ਇੰਦੌਰ ਦੇ ਸਹਾਇਕ ਪੁਲਿਸ ਕਮਿਸ਼ਨਰ ਪੂਨਮਚੰਦਰ ਯਾਦਵ ਨੇ ਕਿਹਾ ਕਿ ਚੌਹਾਨ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਰਘੂਵੰਸ਼ੀ ਦੇ ਕਤਲ ਸਮੇਂ ਉਸ ਨੇ ਜੋ ਪੈਂਟ ਅਤੇ ਕਮੀਜ਼ ਪਾਈ ਸੀ, ਉਹ ਉਸਦੇ ਘਰੋਂ ਜ਼ਬਤ ਕਰ ਲਈਆਂ ਗਈਆਂ ਹਨ।
ਉਨ੍ਹਾਂ ਕਿਹਾ, ”ਮੇਘਾਲਿਆ ਪੁਲਿਸ ਇਨ੍ਹਾਂ ਕੱਪੜਿਆਂ ਨੂੰ ਫੋਰੈਂਸਿਕ ਸਾਇੰਸ ਲੈਬਾਰਟਰੀ ਵਿਚ ਭੇਜੇਗੀ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਨ੍ਹਾਂ ‘ਤੇ ਖੂਨ ਦੇ ਦਾਗ ਹਨ।