ਲੰਡਨ, 3 ਦਸੰਬਰ (ਪੰਜਾਬ ਮੇਲ)- ਬਰਤਾਨੀਆ ਦੀ ਸਰਕਾਰ ਨੇ ਯਾਤਰਾ ਸਲਾਹ ਦਿੰਦਿਆਂ ਭਾਰਤ ਯਾਤਰਾ ਦੌਰਾਨ ਬਰਤਾਨਵੀ ਨਾਗਰਿਕਾਂ ਨੂੰ ਬਿਨਾਂ ਲਾਇਸੈਂਸ ਦੇ ਭਾਰਤ ਵਿਚ ਸੈਟੇਲਾਈਟ ਫੋਨ ਲੈ ਕੇ ਜਾਣ ਜਾਂ ਇਸਦੀ ਵਰਤੋਂ ਕਰਨ ਤੋਂ ਬਚਣ ਲਈ ਚਿਤਾਵਨੀ ਦਿੱਤੀ ਹੈ। ਵਿਦੇਸ਼, ਰਾਸ਼ਟਰਮੰਡਲ ਤੇ ਵਿਕਾਸ ਦਫਤਰ (ਐੱਫ.ਸੀ.ਡੀ.ਓ.) ਨੇ ਭਾਰਤ ਲਈ ਆਪਣੀ ਸਲਾਹ ਦੀ ਸਮੀਖਿਆ ਕੀਤੀ। ਰਿਪੋਰਟ ਦਿੱਤੀ ਕਿ ਬਰਤਾਨਵੀ ਯਾਤਰੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਭਾਰਤ ‘ਚ ਅਜਿਹੇ ਉਪਕਰਨ ਲਿਆਉਣ ਲਈ ਗ੍ਰਿਫਤਾਰ ਕੀਤਾ ਗਿਆ ਹੈ। ਸਲਾਹ ਵਿਚ ਇਹ ਉਜਾਗਰ ਕੀਤਾ ਗਿਆ ਹੈ ਕਿ ਕੁਝ ਸੁਣਨ ਵਾਲੇ ਯੰਤਰਾਂ ਅਤੇ ‘ਸ਼ਕਤੀਸ਼ਾਲੀ ਕੈਮਰੇ ਜਾਂ ਦੂਰਬੀਨ’ ਲਈ ਵੀ ਦੂਰਸੰਚਾਰ ਵਿਭਾਗ ਤੋਂ ਅਗਾਊਂ ਇਜਾਜ਼ਤ ਦੀ ਲੋੜ ਹੁੰਦੀ ਹੈ ਅਤੇ ਅਜਿਹੇ ਉਪਕਰਨਾਂ ਬਾਰੇ ਸਲਾਹ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਦਫ਼ਤਰ ਨੇ ਕਿਹਾ, ‘ਭਾਰਤ ਵਿਚ ਬਿਨਾਂ ਲਾਇਸੈਂਸ ਦੇ ਸੈਟੇਲਾਈਟ ਫ਼ੋਨ ਰੱਖਣਾ ਤੇ ਚਲਾਉਣਾ ਗੈਰ-ਕਾਨੂੰਨੀ ਹੈ।’ ਬਰਤਾਨਵੀ ਨਾਗਰਿਕਾਂ ਨੂੰ ਬਿਨਾਂ ਅਗਾਊਂ ਇਜਾਜ਼ਤ ਦੇ ਦੇਸ਼ ‘ਚ ਸੈਟੇਲਾਈਟ ਫੋਨ ਤੇ ਹੋਰ ਸੈਟੇਲਾਈਟ-ਸਮਰੱਥ ਨੇਵੀਗੇਸ਼ਨ ਉਪਕਰਨ ਲਿਆਉਣ ਲਈ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਹਿਰਾਸਤ ‘ਚ ਲਿਆ ਗਿਆ ਹੈ।’ ਸਲਾਹ ਦੇ ਅਨੁਸਾਰ, ‘ਲਾਇਸੈਂਸ ਲਈ ਭਾਰਤੀ ਦੂਰਸੰਚਾਰ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ। ਭਾਰਤ ‘ਚ ਰਿਕਾਰਡਿੰਗ ਉਪਕਰਨ, ਰੇਡੀਓ ਟ੍ਰਾਂਸਮੀਟਰ, ਸ਼ਕਤੀਸ਼ਾਲੀ ਕੈਮਰੇ ਜਾਂ ਦੂਰਬੀਨ ਵਰਗੇ ਸਾਜ਼ੋ-ਸਾਮਾਨ ਲਿਆਉਣ ਲਈ ਭਾਰਤੀ ਅਧਿਕਾਰੀਆਂ ਤੋਂ ਇਜਾਜ਼ਤ ਦੀ ਲੋੜ ਹੋ ਸਕਦੀ ਹੈ। ਸਲਾਹ ਲਈ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ।’