ਵਾਸ਼ਿੰਗਟਨ ਡੀ.ਸੀ., 17 ਦਸੰਬਰ (ਪੰਜਾਬ ਮੇਲ)- ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇੰਮੀਗ੍ਰੇਸ਼ਨ ਸਰਵਿਸਿਜ਼ ਨੇ ਨਵੀਂ ਸੇਧ ਜਾਰੀ ਕੀਤੀ ਹੈ, ਜਿਸ ਅਨੁਸਾਰ ਇਥੇ ਵਿਦੇਸ਼ੀ ਅਰਜ਼ੀਕਾਰਾਂ ਦੀਆਂ ਫੋਟੋਆਂ ਨੂੰ 3 ਸਾਲ ਤੱਕ ਸੀਮਤ ਕਰ ਦਿੱਤਾ ਗਿਆ ਹੈ। ਯਾਨੀ ਕਿ ਹੁਣ ਇਥੇ ਇਮੀਗ੍ਰੇਸ਼ਨ ਦਸਤਾਵੇਜ਼ ਬਣਾਉਣ ਲਈ ਕੋਈ ਵੀ ਫੋਟੋ 3 ਸਾਲ ਤੋਂ ਵੱਧ ਵੈਧ ਨਹੀਂ ਹੋਵੇਗੀ। ਇਹ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਵਧਾਉਣ ਅਤੇ ਪਛਾਣ ਧੋਖਾਧੜੀ ਨੂੰ ਰੋਕਣ ਲਈ ਕੀਤਾ ਗਿਆ ਹੈ।
ਯੂ.ਐੱਸ.ਸੀ.ਆਈ.ਐੱਸ. ਨੀਤੀ ਮੈਨੁਅਲ ਵਿਚ ਦਿੱਤੀ ਗਈ ਨਵੀਂ ਸੇਧ ਹੁਣ ਉਨ੍ਹਾਂ ਫੋਟੋਆਂ ਦੀ ਵਰਤੋਂ ਨੂੰ ਸੀਮਤ ਕਰਦੀ ਹੈ, ਜੋ ਕਿਸੇ ਬਿਨੈਕਾਰ ਦੁਆਰਾ ਫਾਰਮ ਦਾਇਰ ਕਰਨ ਦੀ ਮਿਤੀ ਤੋਂ 3 ਸਾਲਾਂ ਦੇ ਅੰਦਰ ਲਈਆਂ ਗਈਆਂ ਸਨ। ਇਸ ਨਵੀਂ ਨੀਤੀ ਅਨੁਸਾਰ ਹੁਣ ਸਵੈ ਜਮ੍ਹਾ ਕੀਤੀਆਂ ਗਈਆਂ ਫੋਟੋਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਸਿਰਫ ਯੂ.ਐੱਸ.ਸੀ.ਆਈ.ਐੱਸ. ਜਾਂ ਹੋਰ ਅਧਿਕਾਰਤ ਸੰਸਥਾਵਾਂ ਵੱਲੋਂ ਲਈਆਂ ਗਈਆਂ ਫੋਟੋਆਂ ਦੀ ਵਰਤੋਂ ਹੀ ਕੀਤੀ ਜਾਵੇਗੀ।
ਕੋਵਿਡ-19 ਦੌਰਾਨ ਫੋਟੋਆਂ ਦੀ ਵਰਤੋਂ 10 ਸਾਲਾਂ ਤੱਕ ਵੈਧ ਕਰ ਦਿੱਤੀ ਗਈ ਸੀ, ਜਿਸ ਨਾਲ ਯੂ.ਐੱਸ.ਸੀ.ਆਈ.ਐੱਸ. ਨੂੰ ਅਰਜ਼ੀਕਰਤਾ ਦੀ ਪਛਾਣ ਕਰਨ ਅਤੇ ਸਹੀ ਢੰਗ ਨਾਲ ਸਕ੍ਰੀਨ ਕਰਨ ਦੀ ਯੋਗਤਾ ਨਹੀਂ ਹੁੰਦੀ ਸੀ। ਜਿਸ ਕਰਕੇ ਇਸ ਨੂੰ ਇਹ ਨਵਾਂ ਕਦਮ ਲੈਣਾ ਪਿਆ। ਹੁਣ ਨਵੇਂ ਆਦੇਸ਼ ਅਨੁਸਾਰ ਇਥੇ ਧੋਖਾਧੜੀ ਨੂੰ ਨੱਥ ਪਾਈ ਜਾ ਸਕੇਗੀ।
ਯੂ.ਐੱਸ.ਸੀ.ਆਈ.ਐੱਸ. ਵੱਲੋਂ ਵਿਦੇਸ਼ੀ ਨਾਗਰਿਕਾਂ ਦੀਆਂ ਫੋਟੋਆਂ ਸੰਬੰਧੀ ਨਵਾਂ ਆਦੇਸ਼ ਜਾਰੀ

