#EUROPE

ਯੂਰਪ ਸਭ ਤੋਂ ਤੇਜ਼ੀ ਨਾਲ ਗਰਮ ਹੋਣ ਵਾਲਾ ਮਹਾਦੀਪ : ਰਿਪੋਰਟ

ਨੇਪਲਸ (ਇਟਲੀ), 24 ਅਪ੍ਰੈਲ (ਪੰਜਾਬ ਮੇਲ)- ਯੂਰਪ ਸਭ ਤੋਂ ਤੇਜ਼ੀ ਨਾਲ ਗਰਮ ਹੋਣ ਵਾਲਾ ਮਹਾਦੀਪ ਹੈ ਤੇ ਇਸ ਦਾ ਤਾਪਮਾਨ ਆਲਮੀ ਔਸਤ ਨਾਲੋਂ ਲਗਭਗ ਦੁੱਗਣਾ ਵਧ ਰਿਹਾ ਹੈ। ਦੋ ਮੁੱਖ ਜਲਵਾਯੂ ਨਿਗਰਾਨੀ ਸੰਗਠਨਾਂ ਨੇ ਇਹ ਰਿਪੋਰਟ ਦਿੰਦਿਆਂ ਇਸ ਦੇ ਮਨੁੱਖੀ ਸਿਹਤ, ਗਲੇਸ਼ੀਅਰ ਪਿਘਲਣ ਤੇ ਆਰਥਿਕ ਸਰਗਰਮੀਆਂ ‘ਤੇ ਅਸਰ ਦੇ ਨਤੀਜਿਆਂ ਦੀ ਚਿਤਾਵਨੀ ਦਿੱਤੀ ਹੈ।
ਸੰਯੁਕਤ ਰਾਸ਼ਟਰ (ਯੂ.ਐੱਨ.) ਦੇ ਵਿਸ਼ਵ ਮੌਸਮ ਸੰਗਠਨ (ਡਬਲਯੂ.ਐੱਮ.ਓ.) ਅਤੇ ਯੂਰਪੀਅਨ ਯੂਨੀਅਨ ਦੀ ਜਲਵਾਯੂ ਏਜੰਸੀ ਕੌਪਰਨਿਕਸ ਨੇ ਸਾਂਝੀ ਰਿਪੋਰਟ ‘ਚ ਕਿਹਾ ਕਿ ਮਹਾਦੀਪ ਕੋਲ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਦੇ ਜਵਾਬ ‘ਚ ਪੌਣ, ਸੂਰਜੀ ਤੇ ਨਵਿਆਉਣਯੋਗ ਸਰੋਤਾਂ ਦਾ ਬਦਲ ਅਪਣਾਉਣ ਦੀ ਪ੍ਰਕਿਰਿਆ ਤੇਜ਼ ਕਰਨ ਲਈ ਟੀਚਾਬੱਧ ਰਣਨੀਤੀ ਵਿਕਸਿਤ ਕਰਨ ਦਾ ਮੌਕਾ ਹੈ। ਏਜੰਸੀਆਂ ਨੇ ਪਿਛਲੇ ਸਾਲ ਦੀ ਯੂਰਪੀ ਜਲਵਾਯੂ ਸਥਿਤੀ ਰਿਪੋਰਟ ‘ਚ ਕਿਹਾ ਹੈ ਕਿ ਮਹਾਦੀਪ ਨੇ ਪਿਛਲੇ ਸਾਲ ਆਪਣੀ 43 ਫ਼ੀਸਦੀ ਬਿਜਲੀ ਨਵਿਆਉਣਯੋਗ ਸਰੋਤਾਂ ਤੋਂ ਪ੍ਰਾਪਤ ਕੀਤੀ, ਜੋ ਉਸ ਤੋਂ ਪਿਛਲੇ ਸਾਲ ਦੀ ਤੁਲਨਾ ‘ਚ 36 ਫ਼ੀਸਦੀ ਵੱਧ ਸੀ। ਯੂਰਪ ‘ਚ ਲਗਾਤਾਰ ਦੂਜੇ ਸਾਲ ਪਥਰਾਟ ਈਂਧਣ ਦੇ ਮੁਕਾਬਲੇ ਨਵਿਆਉਣਯੋਗ ਸਰੋਤਾਂ ‘ਤੇ ਵੱਧ ਊਰਜਾ ਪੈਦਾ ਹੋਈ ਹੈ। ਰਿਪੋਰਟ ਮੁਤਾਬਕ ਤਾਜ਼ਾ ਪੰਜ ਸਾਲਾ ਔਸਤ ਮੁਤਾਬਕ ਯੂਰਪ ‘ਚ ਤਾਪਮਾਨ ਹੁਣ ਪਹਿਲੇ ਉਦਯੋਗਿਕ ਪੱਧਰਾਂ ਤੋਂ 2.3 ਡਿਗਰੀ ਸੈਲਸੀਅਸ (4.1 ਫਾਰਨਹੀਟ) ਵੱਧ ਚੱਲ ਰਿਹਾ ਹੈ, ਜੋ ਆਲਮੀ ਪੱਧਰ ਨਾਲੋਂ 1.3 ਡਿਗਰੀ ਸੈਲਸੀਅਸ ਵੱਧ ਹੈ ਤੇ ਪੈਰਿਸ ਜਲਵਾਯੂ ਸਮਝੌਤੇ ਮੁਤਾਬਕ ਆਲਮੀ ਤਪਸ਼ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਦੇ ਟੀਚਿਆਂ ਤੋਂ ਮਾਮੂਲੀ ਘੱਟ ਹੈ।