#EUROPE

ਯੂਰਪੀਅਨ ਮੁਲਕਾਂ ‘ਚ ਪਰਵਾਸੀਆਂ ਨਾਲ ਜੁੜਿਆ ਮਾਮਲਾ ਸਿਆਸੀ ਏਜੰਡਾ ਬਣਿਆ

-ਯੂਰਪ ‘ਚ ਸੱਜੇ ਪੱਖੀ ਧਿਰਾਂ ਵੱਲੋਂ ਸਖ਼ਤ ਇਮੀਗਰੇਸ਼ਨ ਨੀਤੀਆਂ ਬਣਾਉਣ ‘ਤੇ ਜ਼ੋਰ
ਲੰਡਨ, 15 ਦਸੰਬਰ (ਪੰਜਾਬ ਮੇਲ)- ਬੀਤੇ ਇਕ ਵਰ੍ਹੇ ਤੋਂ ਬਰਤਾਨੀਆ ਸਮੇਤ ਕਈ ਯੂਰਪੀਅਨ ਮੁਲਕਾਂ ‘ਚ ਪਰਵਾਸੀਆਂ ਖ਼ਿਲਾਫ਼ ਪ੍ਰਦਰਸ਼ਨ ਹੋਏ ਹਨ। ਵੱਖ-ਵੱਖ ਮੁਲਕਾਂ ਵੱਲੋਂ ਪਰਵਾਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਵਾਲੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਲੰਡਨ ‘ਚ ਲੱਖਾਂ ਲੋਕਾਂ ਨੇ ਮਾਰਚ ਕਰਦਿਆਂ ‘ਪਰਵਾਸੀਆਂ ਨੂੰ ਘਰੇ ਭੇਜੋ’ ਦੇ ਨਾਅਰੇ ਲਾਏ ਸਨ। ਪਰਵਾਸੀਆਂ ਨਾਲ ਜੁੜਿਆ ਮਾਮਲਾ ਹੁਣ ਸਿਆਸੀ ਏਜੰਡਾ ਬਣ ਗਿਆ ਹੈ ਅਤੇ ਸੱਜੇ ਪੱਖੀ ਧਿਰਾਂ ਆਪਣੇ ਸਟੈਂਡ ਕਾਰਨ ਮੂਲਵਾਸੀਆਂ ‘ਚ ਮਕਬੂਲ ਹੋ ਰਹੀਆਂ ਹਨ।
ਰਿਫਾਰਮ ਯੂ.ਕੇ., ਐਲਾਇੰਸ ਫਾਰ ਜਰਮਨੀ ਅਤੇ ਫਰਾਂਸ ਦੀ ਨੈਸ਼ਨਲ ਰੈਲੀ ਵੱਲੋਂ ਵੱਡੇ ਪੱਧਰ ‘ਤੇ ਦੇਸ਼ ਨਿਕਾਲੇ ਦੀ ਹਮਾਇਤ ਕੀਤੀ ਜਾ ਰਹੀ ਹੈ ਅਤੇ ਪਰਵਾਸੀਆਂ ਨੂੰ ਕੌਮੀ ਪਛਾਣ ਲਈ ਖਤਰਾ ਦੱਸਿਆ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸੋਮਾਲੀ ਪਰਵਾਸੀਆਂ ਨੂੰ ‘ਕੂੜਾ’ ਅਤੇ ਸੁਰੱਖਿਆ ਲਈ ਖਤਰਾ ਦੱਸੇ ਜਾਣ ਮਗਰੋਂ ਯੂਰਪੀਅਨ ਮੁਲਕਾਂ ‘ਚ ਪਰਵਾਸੀਆਂ ਖ਼ਿਲਾਫ਼ ਆਵਾਜ਼ ਬੁਲੰਦ ਹੋ ਗਈ ਹੈ।
ਕੁਈਨਜ਼ ਯੂਨੀਵਰਸਿਟੀ ਬੇਲਫਾਸਟ ‘ਚ ਬਰਤਾਨਵੀ ਇਤਿਹਾਸ ਦੀ ਲੈਕਚਰਾਰ ਕਾਇਰੇਨ ਕੋਨੈਲ ਨੇ ਕਿਹਾ ਕਿ ਧੁਰ ਸੱਜੇ ਪੱਖੀ ਸਿਆਸਤ ਮੁੱਖ ਚਰਚਾ ਦਾ ਵਿਸ਼ਾ ਬਣ ਗਈ ਹੈ। ਅਫ਼ਰੀਕਾ, ਮੱਧ ਪੂਰਬ ਅਤੇ ਯੂਕਰੇਨ ‘ਚ ਜੰਗਾਂ ਕਾਰਨ ਲੋਕ ਦਰ-ਬਦਰ ਹੋ ਕੇ ਯੂਰਪ ਦਾ ਰੁਖ਼ ਕਰ ਰਹੇ ਹਨ ਅਤੇ ਪਰਵਾਸੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕਈ ਮੁਲਕਾਂ ‘ਚ ਪਰਵਾਸੀਆਂ ‘ਤੇ ਹਮਲੇ ਵੀ ਹੋ ਰਹੇ ਹਨ। ਸਰਕਾਰਾਂ ਵੀ ਹੁਣ ਉਨ੍ਹਾਂ ਖ਼ਿਲਾਫ਼ ਸਖ਼ਤੀ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਬਿਆਨਾਂ ‘ਚ ਪਰਵਾਸੀਆਂ ਪ੍ਰਤੀ ਕੋਈ ਹਮਦਰਦੀ ਨਜ਼ਰ ਨਹੀਂ ਆਉਂਦੀ ਹੈ।