-ਐੱਫ.ਬੀ.ਆਈ. ਤੇ ਹੋਰ ਸੈਨਾਵਾਂ ਨੇ ਸਾਰੇ ਨਗਰ ਕੀਰਤਨ ‘ਤੇ ਕੰਟਰੋਲ ਰੱਖਿਆ
ਸੈਕਰਾਮੈਂਟੋ, 5 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ 46ਵੇਂ ਸਾਲਾਨਾ ਮਹਾਨ ਨਗਰ ਕੀਰਤਨ ਵਿਚ ਜਿੱਥੇ ਹਜ਼ਾਰਾਂ ਦੀ ਤਾਦਾਦ ਦੇ ਨਾਲ ਸੰਗਤਾਂ ਨੇ ਸਮੂਲੀਅਤ ਕੀਤੀ, ਉੱਥੇ ਨਾਲ-ਨਾਲ ਐਤਕਾਂ ਇੱਕ ਅਦਭੁੱਤ ਨਜ਼ਾਰਾ ਦੇਖਣ ਨੂੰ ਮਿਲਿਆ ਕਿ ਇਸ ਵਿਸ਼ਾਲ ਨਗਰ ਕੀਰਤਨ ਦਾ ਕੰਟਰੋਲ ਐਤਕਾਂ ਵੱਖ-ਵੱਖ ਸੈਨਾਵਾਂ, ਐੱਫ.ਬੀ.ਆਈ., ਸਵਾਤ ਟੀਮ ਸੀ.ਆਈ.ਏ., ਸੀ.ਐੱਚ.ਪੀ., ਸ਼ੈਰਿਫ ਤੇ ਸਥਾਨਕ ਪੁਲਿਸ ਵੱਲੋਂ ਕੀਤਾ ਗਿਆ। ਭਾਵੇਂ ਕਿ ਇਸ ਵਿਸ਼ਾਲ ਨਗਰ ਕੀਰਤਨ ਦਾ ਪ੍ਰਬੰਧ ਕਈ ਮਹੀਨਿਆਂ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਪਰ ਫਿਰ ਵੀ ਜੋ ਮੁੱਖ ਸਮਾਗਮ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਤੱਕ ਚੱਲਿਆ। ਇਸ ਦੌਰਾਨ ਧਾਰਮਿਕ ਦੀਵਾਨਾਂ ‘ਚ ਵੱਖ-ਵੱਖ ਜੱਥੇ ਤੇ ਪ੍ਰਚਾਰਕ ਪਹੁੰਚੇ, ਉਨ੍ਹਾਂ ਵਿਚ ਭਾਈ ਤਵਨੀਤ ਸਿੰਘ ਜੀ ਚੰਡੀਗੜ੍ਹ ਵਾਲੇ, ਭਾਈ ਹਰਬਲਜੀਤ ਸਿੰਘ ਜੀ, ਭਾਈ ਕਰਨਜੀਤ ਸਿੰਘ ਜੀ ਖਾਲਸਾ ਯੂ.ਕੇ. ਵਾਲੇ, ਤੋਂ ਇਲਾਵਾ ਕਥਾਵਾਚਕ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ, ਢਾਡੀ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਜੋ ਵਿਸ਼ੇਸ਼ ਕੀਰਤਨ ਸਮਾਗਮ 18 ਅਕਤੂਬਰ ਤੋਂ 2 ਨਵੰਬਰ ਤੱਕ ਚਲਦੇ ਰਹੇ। ਬਾਕੀ ਸਮੇਂ-ਸਮੇਂ ‘ਤੇ ਹੋਏ ਸਮਾਗਮਾਂ ਦੌਰਾਨ ਹੀ ਬੱਚਿਆਂ ਦਾ ਵਿਸ਼ੇਸ਼ ਕੀਰਤਨ ਦਰਬਾਰ, ਵਿਸ਼ੇਸ਼ ਢਾਡੀ ਦਰਬਾਰ ਅਤੇ ਸ਼ਹੀਦੀ ਦਿਵਸ, ਰੈਣ ਸਬਾਈ ਕੀਰਤਨ ਤੇ ਸ਼ੁਕਰਵਾਰ ਨੂੰ ਸ਼ਾਮ ਨੂੰ ਆਤਿਸ਼ਬਾਜ਼ੀ ਹੋਈ। ਇਨ੍ਹਾਂ ਸਮਾਗਮਾਂ ਦੌਰਾਨ ਹੀ ਸ਼ਨੀਵਾਰ ਨੂੰ ਅੰਮ੍ਰਿਤ ਸੰਚਾਰ ਹੋਇਆ ਤੇ ਸ਼ਨੀਵਾਰ ਨੂੰ ਹੀ ਸਵੇਰੇ ਨਿਸ਼ਾਨ ਸਾਹਿਬ ਜੀ ਦੇ ਚੋਲਾ ਸਾਹਿਬ ਦੀ ਸੇਵਾ ਹੋਈ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਕੀਰਤਨ ਦਰਬਾਰ ਹੋਇਆ। ਇਸ ਤੋਂ ਉਪਰੰਤ ਐਤਵਾਰ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਭਾਰੀ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਮੁੱਖ ਤੇ ਵੱਖ-ਵੱਖ ਫਲੋਟਾਂ ਦੀ ਅਗਵਾਈ ਪੰਜਾਂ ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਕੀਤੀ। ਸ਼ਨੀਵਾਰ ਦੇ ਭਾਰੀ ਦੀਵਾਨਾਂ ‘ਚ ਸ਼ੈਰਿਫ ਚੀਫ ਜਿਮ ਰਨੀਅਨ, ਡਿਸਟ੍ਰਿਕਟ ਅਟਾਰਨੀ ਜੈਨੂਫਰ ਡੂਪਰੇ, ਸੁਪਰਵਾਈਜ਼ਰ ਸਟੀਵ ਸਮਿਥ, ਮਾਈਕ ਜਗਮਾਰ ਸੁਪਰਵਾਈਜ਼ਰ, ਜੈਫ ਬੂਨ ਸੁਪਰਵਾਈਜ਼ਰ ਸਟਰ ਕਾਊਂਟੀ ਤੋਂ ਇਲਾਵਾ ਸਾਰੇ ਕੌਂਸਲ ਮੈਂਬਰ ਇਸ ਸਮਾਗਮ ਵਿਚ ਸ਼ਾਮਿਲ ਹੋਏ। ਇਸ ਤੋਂ ਇਲਾਵਾ ਕ੍ਰਿਸ ਚੈਪਲਨ ਸੀਈਓ ਐਡਵਾਂਟੇਜ ਹੈਥ ਕੇਅਰ, ਨੀਲ ਹੇਜ ਜੋ ਡਿਸਟ੍ਰਿਕ ਕਾਊਂਟੀ ਦੇ ਬਿਲਡਿੰਗ ਵਿਭਾਗ ਦੇ ਮੁਖੀ ਹਨ, ਬਕਾਇਦਾ ਤੌਰ ‘ਤੇ ਇਸ ਸਮਾਗਮ ਵਿਚ ਸ਼ਾਮਿਲ ਹੋਏ। ਉਕਤ ਸਾਰੇ ਅਹੁਦੇਦਾਰਾਂ ਤੇ ਆਫੀਸਲਜ਼ ਨੂੰ ਸਨਮਾਨਿਤ ਕੀਤਾ ਗਿਆ।
ਸਿੱਖ ਭਾਈਚਾਰੇ ਦੇ ਮੁੱਖ ਬੁਲਾਰਿਆਂ ‘ਚ ਡਾਕਟਰ ਅਮਰਜੀਤ ਸਿੰਘ, ਡਾਕਟਰ ਪ੍ਰਿਤਪਾਲ ਸਿੰਘ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਮਨਜੀਤ ਸਿੰਘ ਧਾਮੀ ਅਕਾਲੀ ਦਲ, ਜਸਵੰਤ ਸਿੰਘ ਹੋਠੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਬਖਸ਼ੀਸ਼ ਸਿੰਘ ਸਿੱਖਸ ਫਾਰ ਜਸਟਿਸ ਸਰਬਜੀਤ ਸਿੰਘ ਸਾਬੀ, ਕਮਲਜੀਤ ਕਾਹਲੋਂ ਯੂਨਾਈਟਡ ਸਿੱਖਸ, ਬਸੰਤ ਸਿੰਘ ਸਿੱਖ ਯੂਥ ਆਫ ਅਮਰੀਕਾ ਨਿਊਜਰਸੀ, ਭੁਪਿੰਦਰ ਕੌਰ ਯੂਨਾਈਟਡ ਸਿੱਖਸ, ਗੁਰਿੰਦਰਜੀਤ ਸਿੰਘ ਮਾਨ੍ਹਾ ਸਿੱਖ ਫੈਡਰੇਸ਼ਨ ਆਫ ਯੂ.ਐੱਸ.ਏ., ਹਰਬੰਸ ਸਿੰਘ ਪੰਮਾ ਤੋਂ ਇਲਾਵਾ ਬਾਹਰਲੇ ਦੇਸ਼ਾਂ ਤੋਂ ਆਏ ਬੁਲਾਰਿਆਂ ਨੇ ਵੀ ਆਪਣੇ-ਆਪਣੇ ਵਿਚਾਰ ਰੱਖੇ। ਯੂਬਾ ਸਿਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਥਿਆੜਾ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ।
ਐਤਕਾਂ ਵੀ ਵੱਡੀ ਪੱਧਰ ‘ਤੇ ਇੱਕ ਆਰਜੀ ਬਾਜ਼ਾਰ ‘ਚ ਵੱਖ-ਵੱਖ ਦੁਕਾਨਦਾਰਾਂ ਨੇ ਆਪੋ-ਆਪਣੇ ਸਟਾਲ ਲਾਏ ਹੋਏ ਸੀ, ਜਿਸ ਤੋਂ ਸੰਗਤਾਂ ਨੇ ਭਾਰੀ ਤਾਦਾਦ ‘ਚ ਸਮਾਨ ਖਰੀਦਿਆ। ਇਸ ਤੋਂ ਇਲਾਵਾ ਵੱਖ-ਵੱਖ ਧਾਰਮਿਕ ਸਿਆਸੀ ਤੇ ਬਿਜ਼ਨਸ ਸਟਾਲਾਂ ‘ਚ ਲੋਕਾਂ ਨੇ ਆਪਣਾ ਪ੍ਰਚਾਰ ਕੀਤਾ। ਵਿਸ਼ੇਸ਼ ਤੌਰ ‘ਤੇ ਸ਼ੈਰਿਫ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ, ਆਰਮੀ ਤੇ ਸਿੱਖਾਂ ਦੀ ਸ਼ਹੀਦੀਆਂ ਤੇ ਸਿੱਖਾਂ ਦੇ ਇਤਿਹਾਸ ਨੂੰ ਦਰਸਾਉਂਦੀਆਂ ਹੋਈਆਂ ਝਲਕੀਆਂ ਵੀ ਵੱਖ-ਵੱਖ ਸਟਾਲਾਂ ਤੋਂ ਦੇਖੀਆਂ ਗਈਆਂ। ਇਸ ਉਪਰੰਤ ਜਿੱਥੇ ਸਿੱਖ ਭਾਈਚਾਰੇ ਨੇ ਵੱਡੀ ਤਾਦਾਦ ਵਿਚ ਇਸ ਵਿਸ਼ਾਲ ਨਗਰ ਕੀਰਤਨ ਵਿਚ ਸਮੂਲੀਅਤ ਕੀਤੀ, ਉਥੇ ਨਾਲ-ਨਾਲ ਅਮਰੀਕਨ ਲੋਕਾਂ ਨੇ ਲੰਗਰਾਂ ਦਾ ਆਨੰਦ ਮਾਣਿਆ। ਐਤਕਾਂ ਵੀ ਸਿਆਸੀ ਪਨਾਹ ਵਾਲੇ ਮੁੰਡਿਆਂ ਨੇ ਆਪਣੇ ਕੇਸਾਂ ‘ਚ ਮਦਦ ਲਈ ਝੰਡਿਆਂ ਤੇ ਫਲੋਟਾਂ ਨਾਲ ਖੂਬ ਫੋਟੋਆਂ ਕਰਵਾਈਆਂ। ਇਸ ਵਾਰੀ ਆਈਸ ਵਲੋਂ ਫੜਨ-ਫੜਾਉਣ ਦੀ ਅਫ਼ਵਾਹ ਵੀ ਫਲਾਈ ਗਈ ਸੀ। ਇਸ ਤੋਂ ਇਲਾਵਾ ਵਿਸ਼ਵ ਭਰ ਦੇ ਮੀਡੀਏ ਨੇ ਇਸ ਸਪੈਸ਼ਲ ਨਗਰ ਕੀਰਤਨ ਨੂੰ ਕਵਰੇਜ ਕੀਤਾ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਬਜੀਤ ਸਿੰਘ ਥਿਆੜਾ ਅਤੇ ਸੈਕਟਰੀ ਤਜਿੰਦਰ ਸਿੰਘ ਦੋਸਾਂਝ ਨੇ ਗੱਲਬਾਤ ਦੌਰਾਨ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸ਼ਾਂਤੀਪੂਰਵਕ ਨੇਪਰੇ ਚੜ੍ਹੇ ਕਾਰਜ ਨੇ ਸਿੱਖ ਭਾਈਚਾਰੇ ਪ੍ਰਤੀ ਬਾਕੀ ਭਾਈਚਾਰਿਆਂ ਵਿਚ ਹੋਰ ਸਤਿਕਾਰ ਪੈਦਾ ਕੀਤਾ ਹੈ। ਅੱਗੋਂ ਤੋਂ ਵੀ ਸੰਗਤ ਦਾ ਇਹੀ ਸਹਿਯੋਗ ਦੀ ਆਸ ਰਹੇਗੀ। ਐਤਕਾਂ ਜਿੱਥੇ ਸਕਿਉਰਟੀ ਪੱਖੋਂ ਅਤੇ ਹੋਰ ਮੁੱਖ ਪ੍ਰਬੰਧਾਂ ਦੀ ਪ੍ਰਬੰਧਕਾਂ ਦੀ ਤਾਰੀਫ ਕਰਨੀ ਬਣਦੀ ਹੈ, ਉੱਥੇ ਦੂਸਰੇ ਪਾਸੇ ਕੁਝ ਗੱਲਾਂ ਐਤਕਾਂ ਸੰਗਤਾਂ ਨੂੰ ਰੜਕਦੀਆਂ ਰਹੀਆਂ, ਜਿਨ੍ਹਾਂ ਵਿਚ ਬੱਸਾਂ ਦਾ ਬੇਟਾਇਮ ਪ੍ਰਬੰਧ ਤੇ ਸੰਗਤਾਂ ਨੂੰ ਬੱਸਾਂ ਹੋਣ ਦੇ ਬਾਵਜੂਦ ਜ਼ਿਆਦਾ ਲਾਈਨਾਂ ‘ਤੇ ਤੁਰਨ ਦੀ ਮੁਸ਼ਕਿਲ।
ਭਾਵੇਂ ਕਿ ਸੰਗਤ ਇਥੇ ਗੁਰਬਾਣੀ ਸੁਣਨ ਲਈ ਪਹੁੰਚੀ ਹੋਈ ਸੀ। ਪਰ ਉਨ੍ਹਾਂ ਵਿਚੋਂ ਕਈਆਂ ਨੂੰ ਰੋਸ ਸੀ ਕਿ ਇਥੇ ਗੁਰਬਾਣੀ ਦੀ ਥਾਂ ‘ਤੇ ਲੀਡਰਾਂ ਦੀ ਲੈਕਚਰਬਾਜ਼ੀ ਜ਼ਿਆਦਾ ਚਲਦੀ ਰਹੀ। ਇਸ ਮੌਕੇ ਕਈਆਂ ਵੱਲੋਂ ਤਾਂ ਇੱਕ ਦੂਜੇ ਖਿਲਾਫ ਭੜਾਸ ਵੀ ਕੱਢੀ ਗਈ।
ਇਸ ਦੌਰਾਨ ਵੱਖ-ਵੱਖ ਗੁਰੂਘਰਾਂ ਤੇ ਜਥੇਬੰਦੀਆਂ ਵੱਲੋਂ ਲੰਗਰ ਦਾ ਥਾਂ-ਥਾਂ ‘ਤੇ ਆਯੋਜਨ ਵੀ ਕੀਤਾ ਗਿਆ। ਸਿੱਖ ਕੌਮ ਤੋਂ ਇਲਾਵਾ ਦੂਜੇ ਧਰਮਾਂ ਦੇ ਲੋਕ ਵੀ ਇਸ ਮੌਕੇ ਲੰਗਰ ਛਕਦੇ ਨਜ਼ਰ ਆਏ।
ਯੂਬਾ ਸਿਟੀ ‘ਚ ਗੁਰਗੱਦੀ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ‘ਚ ਸੰਗਤਾਂ ਦਾ ਰਿਕਾਰਡ ਤੋੜ ਇਕੱਠ

